ਪਰਿਭਾਸ਼ਾ
ਸਿੱਖ ਕ਼ੌਮ ਦੇ ਨੌਵੇਂ ਬਾਦਸ਼ਾਹ, ਜਿਨ੍ਹਾਂ ਦਾ ਜਨਮ ੫. ਵੈਸਾਖ (ਵੈਸਾਖ ਵਦੀ ੫) ਸੰਮਤ ੧੬੭੮ (੧ ਏਪ੍ਰਿਲ ਸਨ ੧੬੨੧) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ, ਮਾਤਾ ਨਾਨਕੀ ਜੀ ਤੋਂ ਅਮ੍ਰਿਤਸਰ ਹੋਇਆ. ੧੫. ਅੱਸੂ ਸੰਮਤ ੧੬੮੯ ਨੂੰ ਸ਼੍ਰੀ ਮਤੀ ਗੂਜਰੀ ਜੀ ਨਾਲ ਕਰਤਾਰਪੁਰ ਵਿੱਚ ਵਿਆਹ ਹੋਇਆ. ਚੇਤ ਸੁਦੀ ੧੪. (੨੪ ਚੇਤ) ਸੰਮਤ ੧੭੨੨ (੨੦ ਮਾਰਚ ਸਨ ੧੬੬੫) ਨੂੰ ਗੁਰੂ ਨਾਨਕਦੇਵ ਦੇ ਸਿੰਘਾਸਨ ਤੇ ਵਿਰਾਜਕੇ ਅਨੰਤ ਜੀਵਾਂ ਨੂੰ ਸੁਮਾਰਗ ਪਾਇਆ. ਪ੍ਰਚਾਰ ਲਈ ਜੰਗਲ (ਮਾਲਵਾ) ਪੁਆਧ, ਬਾਂਗਰ, ਪੂਰਵ, ਬਿਹਾਰ, ਬੰਗਾਲ ਵਿੱਚ ਵਿਚਰਕੇ ਸੱਚਾ ਧਰਮ ਦ੍ਰਿੜ੍ਹਾਇਆ. ਆਪ ਦੀ ਬਾਣੀ ਪ੍ਰੇਮ ਅਤੇ ਵੈਰਾਗਮਈ ਅਜੇਹੀ ਅਦਭੁਤ ਹੈ ਕਿ ਕਠੋਰ ਮਨਾਂ ਨੂੰ ਕੋਮਲ ਕਰਨ ਦੀ ਅਪਾਰ ਸ਼ਕਤਿ ਰਖਦੀ ਹੈ.#ਸਤਲੁਜ ਦੇ ਕਿਨਾਰੇ ਪਹਾੜੀ ਰਾਜਿਆਂ ਤੋਂ ਜ਼ਮੀਨ ਖ਼ਰੀਦਕੇ ਆਨੰਦਪੁਰ ਨਗਰ ਵਸਾਇਆ, ਜੋ ਖਾਲਸੇ ਦੀ ਵਾਸੀ ਹੈ.#ਭਾਰਤ ਦਾ ਜੁਲਮ ਦੂਰ ਕਰਨ ਅਰ ਧਰਮ ਦਾ ਬੀਜ ਰੱਖਣ ਲਈ ਆਪ ਨੇ ਭਾਰਤ ਦੀ ਯੱਗਵੇਦੀ ਤੇ ਆਪਣਾ ਸੀਸ, ਮੱਘਰ ਸੁਦੀ ੫. ਸੰਮਤ ੧੭੩੨ (੧੨ ਮੱਘਰ, ੧੧. ਨਵੰਬਰ ਸਨ ੧੬੭੫) ਨੂੰ ਚੜ੍ਹਾਇਆ. ਦਸ਼ਮੇਸ਼ ਜੀ ਵਿਚਿਤ੍ਰਨਾਟਕ ਵਿੱਚ ਲਿਖਦੇ ਹਨ:-#"ਠੀਕਰ ਫੋਰ ਦਿਲੀਸ ਸਿਰ ਪ੍ਰਭੁਪੁਰ ਕਿਯਾ ਪਯਾਨ,#ਤੇਗਬਹਾਦੁਰ ਸੀ ਕ੍ਰਿਯਾ ਕਰੀ ਨ ਕਿਨਹੂ ਆਨ."#ਨੌਂਵੇ ਸਤਿਗੁਰੂ ਦੇ ਸ਼ਹੀਦੀ ਅਸਥਾਨ ਦਾ ਨਾਮ "ਸੀਸਗੰਜ" ਹੈ, ਜੋ ਦਿੱਲੀ ਦੇ ਚਾਂਦਨੀਚੌਕ ਵਿੱਚ ਵਿਦ੍ਯਮਾਨ ਹੈ ਅਤੇ ਦੇਹ ਦੇ ਸਸਕਾਰ ਦੀ ਥਾਂ ਦਾ ਨਾਮ "ਰਕਾਬਗੰਜ" ਹੈ. ਆਪ ਨੇ ੧੦. ਵਰ੍ਹੇ ੭. ਮਹੀਨੇ ੧੮. ਦਿਨ ਗੁਰੁਤਾ ਕੀਤੀ ਅਤੇ ੫੪ ਵਰ੍ਹੇ ੭. ਮਹੀਨੇ ੭. ਦਿਨ ਸਾਰੀ ਅਵਸਥਾ ਭੋਗੀ. "ਤੇਗਬਹਾਦੁਰ ਸਿਮਰੀਐ ਘਰਿ ਨੌ ਨਿਧਿ ਆਵੈ ਧਾਇ." (ਚੰਡੀ ੩)
ਸਰੋਤ: ਮਹਾਨਕੋਸ਼