ਤੈਮੂਰ
taimoora/taimūra

ਪਰਿਭਾਸ਼ਾ

ਤੁ. [تیَمۇر] ਮੁਗ਼ਲਵੰਸ਼ੀ ਸਮਰਕ਼ੰਦ ਦਾ ਬਾਦਸ਼ਾਹ, ਜਿਸ ਨੂੰ ਤਿਮਰਲੰਗ ਭੀ ਆਖਦੇ ਹਨ. ਇਸ ਦਾ ਜਨਮ ਤੁਰਗ਼ਾਈ ਦੇ ਘਰ ਤਕੀਨਾ ਖ਼ਾਤੂਨ ਦੇ ਉਦਰੋਂ "ਕੁਸ" ਵਿੱਚ ੯. ਏਪ੍ਰਿਲ ਸਨ ੧੩੩੬ ਨੂੰ ਹੋਇਆ. ਜਿਸ ਵੇਲੇ ਇਸ ਨੇ ਭਾਰਤ ਪੁਰ ਧਾਵਾ ਕੀਤਾ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਨਾਸਿਰੁੱਦੀਨ ਮਹਮੂਦ ਛੋਟੀ ਉਮਰ ਦਾ ਅਤੇ ਨਾ ਤਜਰਬੇਕਾਰ ਸੀ ਅਰ ਅਹਿਲਕਾਰਾਂ ਦੀ ਆਪਸ ਵਿੱਚੀਂ ਫੁੱਟ ਸੀ. ਇਸ ਲਈ ਬਿਨਾ ਬਹੁਤ ਯਤਨ ਦੇ ਤੈਮੂਰ ਨੇ ੧੭. ਦਿਸੰਬਰ ਸਨ ੧੩੯੮ ਨੂੰ ਦਿੱਲੀ ਫ਼ਤੇ ਕਰ ਲਈ. ਸ਼ਹਿਰ ਨੂੰ ਚੰਗੀ ਤੁਰਾਂ ਲੁੱਟ ਫੂਕਕੇ ਇੱਕ ਲੱਖ ਆਦਮੀ ਕ਼ਤਲ ਕੀਤਾ. ਫੇਰ ਮੇਰਟ ਹਰਿਦ੍ਵਾਰ ਜੰਮੂ ਆਦਿਕ ਥਾਈਂ ਕ਼ਤਲਾਮ ਕਰਦਾ ਹੋਇਆ ਬਹੁਤ ਲੜਕੇ ਲੜਕੀਆਂ ਗ਼ੁਲਾਮੀ ਲਈ ਫੜਕੇ ਬਹੁਤ ਲੜਕੇ ਲੜਕੀਆਂ ਗ਼ੁਲਾਮੀ ਲਈ ਫੜਕੇ ਆਪਣੇ ਦੇਸ਼ ਨੂੰ ਚਲਾ ਗਿਆ. ਸਮਰਕ਼ੰਦ ਵਿੱਚ ੨੮ ਫਰਵਰੀ ਸਨ ੧੪੦੫ ਨੂੰ ਇਸ ਦਾ ਦੇਹਾਂਤ ਹੋਇਆ।#੨. ਅਹ਼ਿਮਦਸ਼ਾਹ ਦੋਰਾਨੀ ਦਾ ਬੇਟਾ, ਜਿਸ ਨੂੰ ਇਸ ਦੇ ਬਾਪ ਨੇ ਸਨ ੧੭੫੫ ਵਿੱਚ ਅਦੀਨਾਬੇਗ ਨੂੰ ਜਿੱਤਣ ਮਗਰੋਂ ਲਹੌਰ ਦਾ ਗਵਰਨਰ ਥਾਪ ਦਿੱਤਾ ਸੀ. ਇਸ ਨਾਲ ਸਿੱਖਾਂ ਦਾ ਸਨ ੧੭੫੬ ਵਿੱਚ ਘੋਰ ਯੁੱਧ ਹੋਇਆ ਅਰ ਇਹ ਲਹੌਰ ਖਾਲੀ ਛੱਡਕੇ ਭੱਜ ਗਿਆ ਅਤੇ ਸਿੱਖਾਂ ਦਾ ਪਹਿਲੀ ਵਾਰ ਪੰਜਾਬ ਦੇ ਪ੍ਰਧਾਨ ਸ਼ਹਿਰ ਪੁਰ ਕ਼ਬਜ਼ਾ ਹੋਇਆ. ਤੈਮੂਰਸ਼ਾਹ ਸਨ ੧੭੭੨ ਵਿੱਚ ਕਾਬੁਲ ਦੇ ਤਖ਼ਤ ਪੁਰ ਬੈਠਾ ਅਤੇ ੧੭. ਮਈ ਸਨ ੧੭੯੩ ਨੂੰ ਮੋਇਆ.
ਸਰੋਤ: ਮਹਾਨਕੋਸ਼