ਪਰਿਭਾਸ਼ਾ
ਰਾਜ ਪਟਿਆਲਾ, ਨਜਾਮਤ ਬਰਨਾਲਾ ਦੇ ਪਿੰਡ ਫਰਵਾਹੀ ਤੇਲੀਆਂ ਵਾਲੀ ਵਿੱਚ ਬਰ੍ਹੇ ਜਿਮੀਦਾਰਾਂ ਦੇ ਘਰ ਭਾਈ ਥੰਮਨਸਿੰਘ ਦਾ ਜਨਮ ਹੋਇਆ. ਇਹ ਵਰਤਾਕੇ ਛਕਣ ਵਾਲਾ ਅਤੇ ਤਪਸ੍ਵੀ ਸੀ, ਪਰ ਸ਼ਰਾਬ ਦਾ ਜਾਦਾ ਇਸਤੇਮਾਲ ਕਰਨ ਤੋਂ ਇਸ ਦੀ ਹਾਲਤ ਅਜੇਹੀ ਮਸਤਾਨੀ ਹੋਗਈ ਕਿ ਇੱਕ ਵਾਰ ਜਿਮੀਦਾਰਾਂ ਤੋਂ ਬਹੁਤ ਤੇਲ ਇਕੱਠਾ ਕਰਾਕੇ ਰੌਸ਼ਨੀ ਕਰਵਾਈ ਅਤੇ ਆਖਣ ਲੱਗਾ ਕਿ ਇਹ ਰੌਸ਼ਨੀ ਰੂਸ ਦੇ ਹਿੰਦ ਵਿੱਚ ਆਉਣ ਦੀ ਖੁਸ਼ੀ ਵਿੱਚ ਕੀਤੀ ਗਈ ਹੈ, ਅਰ ਰੂਸ ਸਿੱਖ ਰਿਆਸਤਾਂ ਤੇ ਚੌਬਲਦਾ ਸੁਹਾਗਾ ਫੇਰੇਗਾ. ਇਹ ਗੱਲ ਸਾਰੇ ਸਿੱਖਾਂ ਨੂੰ ਬਹੁਤ ਬੁਰੀ ਮਲੂਮ ਹੋਈ. ਖ਼ਾਸ ਕਰਕੇ ਜਿਨ੍ਹਾਂ ਰਿਆਸਤਾਂ ਨੂੰ ਸਤਿਗੁਰੂ ਆਪਣਾ ਘਰ ਫਰਮਾ ਚੁਕੇ ਸਨ, ਉਨ੍ਹਾਂ ਬਾਬਤ ਅਜੇਹੇ ਸ਼ਬਦ ਸਿੱਖਾਂ ਤੋਂ ਸਹਾਰੇ ਨਾ ਗਏ. ਬਹੁਤਿਆਂ ਨੇ ਮਿਲਕੇ ਮਹਾਰਾਜ ਕਰਮਸਿੰਘ ਪਟਿਆਲਾਪਤਿ ਪਾਸ ਸ਼ਕਾਯਤ ਕਰਕੇ ਥੰਮਣਸਿੰਘ ਦੀ ਜੀਭ ਕਟਵਾ ਦਿੱਤੀ. ਇਸ ਘਟਨਾ ਤੋਂ ਕਈ ਵਰ੍ਹੇ ਪਿੱਛੋਂ ਭਾਈ ਥੰਮਨਸਿੰਘ ਦਾ ਦੇਹਾਂਤ ਪਿੰਡ ਬੱਛੋਆਣੇ¹ ਵਿੱਚ ਹੋਇਆ, ਜਿੱਥੇ ਆਲੀਸ਼ਾਨ ਸਮਾਧ ਬਣੀ ਹੋਈ ਹੈ ਅਰ ਫਰਵਾਹੀ ਵਿੱਚ ਸੁੰਦਰ ਡੇਰਾ ਹੈ.
ਸਰੋਤ: ਮਹਾਨਕੋਸ਼