ਪਰਿਭਾਸ਼ਾ
ਸਤਿਗੁਰੂ ਦੇ ਵਿਰਾਜਣ ਦਾ ਉੱਚਾ ਬੁਰਜ, ਥੜਾ (ਚਬੂਤਰਾ). ਖ਼ਾਸ ਕਰਕੇ ਇਸ ਨਾਮ ਦੇ ਪ੍ਰਸਿੱਧ ਗੁਰਧਾਮ ਇਹ ਹਨ:-#(੧) ਰਿਆਸਤ ਪਟਿਆਲਾ, ਨਜਾਮਤ ਬਰਨਾਲਾ, ਤਸੀਲ ਭਟਿੰਡਾ, ਥਾਣਾ ਰਾਮਾ ਦੇ ਪਿੰਡ ਸਾਬੋਕੀ ਤਲਵੰਡੀ ਪਾਸ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿੱਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ. ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇੱਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬਕੌਰ ਜੀ ਭਾਈ ਮਨੀਸਿੰਘ ਜੀ ਨੂੰ ਨਾਲ ਲੈਕੇ ਇਸ ਥਾਂ ਦਿੱਲੀ ਤੋਂ ਸ੍ਵਾਮੀ ਦਾ ਦਰਸ਼ਨ ਕਰਨ ਆਏ. ਦਸ਼ਮੇਸ਼ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ ਅਨੁਭਵ ਤੋਂ ਗੁਰੂ ਗ੍ਰੰਥਸਾਹਿਬ ਦਾ ਸੰਪੂਰਣ ਪਾਠ ਲਿਖਵਾਇਆ.¹ ਫੂਲਵੰਸ਼ ਦੇ ਰਤਨ ਤਿਲੋਕਸਿੰਘ ਅਤੇ ਰਾਮਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਤੋਂ ਅਮ੍ਰਿਤ ਪਾਨ ਕੀਤਾ. ਜੰਗਲ ਨੂੰ ਸਰਸਬਜ਼ ਕਰਨ ਲਈ ਨਹਿਰਾਂ ਦਾ ਵਰ ਭੀ ਇਸੇ ਥਾਂ ਬਖ਼ਸ਼ਿਆ ਹੈ. ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਜ਼ਾਦਪੁਰ ਦੇ ਹੱਥ ਹੈ.²#ਇੱਥੇ ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ. ਗੁਰਪੁਰ ਨਿਵਾਸੀ ਸੰਤ ਅਤਰਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ. ਦਮਦਮ ਸਾਹਿਬ ਸਿੱਖ ਲਿਖਾਰੀਆਂ ਅਤੇ ਗ੍ਯਾਨੀਆਂ ਦੀ ਟਕਸਾਲ ਹੈ. ਮਹਾਰਾਜਾ ਨਾਭਾ ਵੱਲੋਂ ਸੌ ਰੁਪਯਾ ਮਹੀਨਾ ਲੰਗਰ ਲਈ ਮਿਲਦਾ ਹੈ. ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਸੱਤ ਮੀਲ ਦੱਖਣ ਪੱਛਮ ਹੈ, ਰਾਮਾ ਸਟੇਸ਼ਨ ਬੀ. ਬੀ. ਐਂਡ ਸੀ. ਆਈ ਰੇਲਵੇ ਤੋਂ ਪੰਜ ਮੀਲ ਹੈ.#ਇਸ ਪਿੰਡ (ਤਲਵੰਡੀ ਸਾਬੋ) ਵਿੱਚ ਡੱਲਸਿੰਘ ਨੂੰ ਬਖ਼ਸ਼ੀਆਂ ਗੁਰਵਸਤੂਆਂ, ਉਸ ਦੀ ਔਲਾਦ ਸਰਦਾਰ ਸ਼ਮਸ਼ੇਰਸਿੰਘ ਪਾਸ ਇਹ ਹਨ:-#ਇੱਕ ਖੜਗ, ਦੋ ਦਸਤਾਰਾਂ, ਦੋ ਚੋਲੇ, ਦੋ ਪਜਾਮੇ, ਇੱਕ ਬਾਜ਼ ਦਾ ਡੋਰਾ. ਇਨ੍ਹਾਂ ਵਸਤਾਂ ਦਾ ਦਰਸ਼ਨ ਹਰੇਕ ਚਾਨਣੀ ਦਸਮੀ ਨੂੰ ਹੁੰਦਾ ਹੈ. ਇੱਥੇ ਹੋਰ ਗੁਰ- ਅਸਥਾਨ ਇਹ ਹੈ:-#(ੳ) ਜੰਡਸਰ. ਪਿੰਡ ਤੋਂ ਅੱਧ ਮੀਲ ਉੱਤਰ ਦਸ਼ਮ ਗੁਰੂ ਜੀ ਦਾ ਅਸਥਾਨ. ਇੱਥੇ ਬੈਠਕੇ ਗੁਰੂ ਸਾਹਿਬ ਨੇ ਨੌਕਰਾਂ ਨੂੰ ਤਨਖ਼੍ਵਾਹ ਵੰਡੀ. ਜਿਸ ਜੰਡ ਨਾਲ ਘੋੜਾ ਬੱਧਾ ਸੀ ਉਹ ਹੁਣ ਮੌਜੂਦ ਹੈ.#(ਅ) ਟਿੱਬੀ ਸਾਹਿਬ. ਪਿੰਡ ਤੋਂ ਅੱਧ ਮੀਲ ਉੱਤਰ ਸ਼੍ਰੀ ਦਸ਼ਮੇਸ਼ ਜੀ ਦਾ ਉਹ ਅਸਥਾਨ, ਜਿੱਥੇ ਹੋਲਾ ਮਹੱਲਾ ਖੇਡਿਆ ਸੀ. ਇਸ ਦੇ ਪਾਸ ਦੇ ਸਰੋਵਰ ਦਾ ਨਾਉਂ ਮਹੱਲਸਰ ਹੈ.#(ੲ) ਮੰਜੀ ਸਾਹਿਬ. ਇਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੌ ਦਿਨ ਵਿਰਾਜੇ ਹਨ. ਵਡੇ ਦਰਬਾਰ ਪਾਸ ਸੁਨਹਿਰੀ ਕਲਸ ਵਾਲਾ ਗੁਰਦ੍ਵਾਰਾ ਬਣਿਆ ਹੋਇਆ ਹੈ.#(ਸ) ਮੰਜੀ ਸਾਹਿਬ ਨੰਃ ੨. ਗੁਰੂਸਰ ਸਰੋਵਰ ਦੇ ਦੱਖਣ ਵੱਲ ਗੁਰੂ ਤੇਗਬਹਾਦੁਰ ਸਾਹਿਬ ਦਾ ਅਸਥਾਨ. ਇਹ ਤਾਲ ਖੁਦਵਾਉਣ ਸਮੇਂ ਸਤਿਗੁਰੂ ਨੇ ਆਪਣੇ ਦੋਸ਼ਾਲੇ ਵਿੱਚ ਕਾਰ ਕੱਢੀ ਸੀ.#(ਹ) ਲਿੱਖਣਸਰ. ਵਡੇ ਦਰਬਾਰ ਦੇ ਪਾਸ ਹੀ ਪੂਰਵ ਵੱਲ ਦਸ਼ਮੇਸ਼ ਦਾ ਇਹ ਅਸਥਾਨ ਹੈ. ਕਲਗੀਧਰ ਇੱਥੇ ਲਿੱਖਣਾਂ (ਕਲਮਾਂ) ਘੜਕੇ ਫਰਮਾਇਆ ਕਰਦੇ ਸਨ ਕਿ ਇਹ ਵਿਦ੍ਯਾ ਦੀ ਟਕਸਾਲ ਹੋਵੇਗੀ. ਯਥਾ-#ਇਹ ਹੈ ਪ੍ਰਗਟ ਹਮਾਰੀ ਕਾਸੀ।#ਪੜ੍ਹਹੈਂ ਇਹਾਂ ਢੋਰ ਮਤਿਰਾਸੀ।#ਲੇਖਕ ਗੁਨੀ ਕਵਿੰਦ ਗਿਆਨੀ।#ਬੁੱਧਿਸਿੰਧੁ ਹ੍ਵੈਹੈਂ ਇਤ ਆਨੀ ॥#ਤਿਨ ਕੇ ਕਾਰਨ ਕਲਮ ਗਢ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜ੍ਹੈਂਗੇ ਹਮਰੇ ਕਈ ਹਜਾਰ. (ਗੁਵਿ ੧੦)#(੨) ਪਿੰਡ ਕਾਂਵਾਂ ਤੋਂ ਅੱਧ ਮੀਲ ਦੇ ਕ਼ਰੀਬ ਵਾਯਵੀ ਕੋਣ ਅਤੇ ਖਡੂਰ ਤੋਂ ਦੋ ਕੋਹ ਅਗਨਿ ਕੋਣ ਗੁਰੂ ਅਮਰਦਾਸ ਸਾਹਿਬ ਦਾ ਅਸਥਾਨ, ਜਿੱਥੋਂ ਤੀਕ ਪਿਛਲਖੁਰੀਂ ਬਿਆਸ (ਵਿਪਾਸ਼ਾ) ਦਾ ਜਲ ਗੁਰੂ ਅੰਗਦ ਸਾਹਿਬ ਦੇ ਸਨਾਨ ਲਈ ਲਿਆਉਣ ਜਾਇਆ ਕਰਦੇ ਸਨ.#(੩) ਵਡਾਲੀ ਤੋਂ ਇੱਕ ਫਰਲਾਂਗ ਦੱਖਣ, ਛੀਵੇਂ ਸਤਿਗੁਰੂ ਦਾ ਚਬੂਤਰਾ, ਜਿੱਥੇ ਇੱਕ ਸੂਰ ਮਾਰਕੇ ਵਿਸ਼੍ਰਾਮ ਕੀਤਾ ਸੀ.#(੪) ਸ਼੍ਰੀ ਹਰਿਗੋਬਿੰਦਪੁਰੇ ਛੀਵੇਂ ਸਤਿਗੁਰੂ ਦਾ ਅਸਥਾਨ, ਜਿੱਥੇ ਦਿਵਾਨ ਲਾਇਆ ਕਰਦੇ ਸਨ.#(੫) ਊਂਨੇ ਪਾਸ ਬਾਗ਼ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਅਸਥਾਨ.#(੬) ਕੀਰਤਪੁਰ ਵਿੱਚ ਗੁਰੂ ਹਰਿਰਾਇ ਸਾਹਿਬ ਦੇ ਦੀਵਾਨ ਦਾ ਅਸਥਾਨ.#(੭) ਗੁਰੂ ਤੇਗਬਹਾਦੁਰ ਜੀ ਦਾ ਆਸਾਮ ਵਿੱਚ ਧੂਬੜੀ ਨਗਰ ਪਾਸ ਉੱਚਾ ਦਮਦਮਾ, ਜੋ ਬ੍ਰਹਮਪੁਤ੍ਰ ਦੇ ਕਿਨਾਰੇ ਹੈ. ਦੇਖੋ, ਧੂਬਰੀ ਅਤੇ ਰੰਗਾਮਾਟੀ.#(੮) ਅਮ੍ਰਿਤਸਰ ਮਾਲਮੰਡੀ ਪਾਸ ਗੁਰੂ ਤੇਗ ਬਹਾਦੁਰ ਸਾਹਿਬ ਦੇ ਵਿਰਾਜਣ ਦਾ ਅਸਥਾਨ. ਇਸ ਥਾਂ ਕੁਝ ਸਮਾਂ ਠਹਿਰਕੇ ਗੁਰੂ ਸਾਹਿਬ ਵੱਲੇ ਗਏ ਹਨ.#(੯) ਆਨੰਦਪੁਰ ਵਿੱਚ ਗੁਰੂ ਗੋਬਿੰਦਸਿੰਘ ਸਾਹਿਬ ਦੇ ਵਿਰਾਜਣ ਦਾ ਅਸਥਾਨ.#(੧੦) ਦਿੱਲੀ ਵਿੱਚ ਦਸ਼ਮੇਸ਼ ਦਾ ਪਵਿਤ੍ਰ ਅਸਥਾਨ. ਦੇਖੋ, ਦਿੱਲੀ ੬.#(੧੧) ਦੇਖੋ, ਰਕਬਾ ੪. ×××
ਸਰੋਤ: ਮਹਾਨਕੋਸ਼