ਪਰਿਭਾਸ਼ਾ
ਪੰਜਾਬਕੇਸ਼ਰੀ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁਤ੍ਰ, ਜੋ ਫਰਵਰੀ ਸਨ ੧੮੩੭ ਵਿੱਚ² ਮਹਾਰਾਣੀ ਜਿੰਦਕੌਰ ਦੇ ਉਦਰੋਂ ਲਹੌਰ ਜਨਮਿਆ. ਮਹਾਰਾਜਾ ਸ਼ੇਰਸਿੰਘ ਪਿੱਛੋਂ ੧੮. ਸਿਤੰਬਰ ਸਨ ੧੮੪੩ (ਸੰਮਤ ੧੯੦੧) ਵਿੱਚ ਲਹੌਰ ਦੇ ਤਖਤ ਪੁਰ ਬੈਠਾ. ਇਸ ਦੇ ਸਮੇਂ ਅਹਿਲਕਾਰਾਂ ਦੇ ਪਰਸਪਰ ਵਿਰੋਧ, ਦੇਸ਼ ਅਤੇ ਕੌਮ ਦੀ ਭਗਤੀ ਦਾ ਅਭਾਵ³ ਅਤੇ ਸ੍ਵਾਰਥ ਦੇ ਕਾਰਣ ਅਕਾਰਣ ਹੀ ਅੰਗ੍ਰੇਜ਼ਾਂ ਨਾਲ ਸਿੱਖਾਂ ਦੇ ਜੰਗ ਹੋਏ. ਪਹਿਲੇ ਜੰਗ ਪਿੱਛੋਂ ਸੁਲਹ ਹੋਕੇ ੯. ਮਾਰਚ ਸਨ ੧੮੪੬ ਨੂੰ ਸੰਧਿਪਤ੍ਰ ਲਿਖਿਆ ਗਿਆ, ਜਿਸ ਦੀਆਂ ਸੋਲਾਂ ਧਾਰਾ (ਦਫ਼ਹ) ਦਾ ਸਾਰ ਇਹ ਹੈ:-#(੧) ਮਹਾਰਾਜਾ ਦਲੀਪਸਿੰਘ ਅਤੇ ਅੰਗ੍ਰੇਜ਼ ਸਰਕਾਰ ਵਿੱਚ ਸਦਾ ਸ਼ਾਂਤਿ ਅਤੇ ਮਿਤ੍ਰਤਾ ਰਹੇਗੀ.#(੨) ਸਤਲੁਜ ਅਤੇ ਬਿਆਸ ਦੇ ਮਧ੍ਯ ਦਾ ਇਲਾਕਾ ਲਹੌਰ ਦਰਬਾਰ ਤੋਂ ਲੈ ਲੀਤਾ ਜਾਵੇਗਾ.#(੩) ਡੇਢ ਕਰੋੜ ਰੁਪਯਾ ਜੰਗ ਦਾ ਖਰਚ ਦੇਣਾ ਪਵੇਗਾ⁴.#(੪) ਪੱਚੀ ਪਲਟਣਾਂ ਅਤੇ ਬਾਰਾਂ ਹਜ਼ਾਰ ਘੁੜਚੜੇ੍ਹ ਮਹਾਰਾਜਾ ਦਲੀਪਸਿੰਘ ਰੱਖ ਸਕੂਗਾ, ਏਦੂੰ ਵੱਧ ਨਹੀਂ.#(੫) ਅੰਗ੍ਰੇਜ਼ੀ ਸਰਕਾਰ ਦੀ ਮਨਜੂਰੀ ਬਿਨਾਂ ਕੋਈ ਅੰਗ੍ਰੇਜ਼ ਅਥਵਾ ਯੂਰਪ ਅਤੇ ਅਮਰੀਕਾ ਦਾ ਆਦਮੀ ਨਹੀਂ ਰੱਖਿਆ ਜਾਵੇਗਾ.#(੬) ਰਿਆਸਤ ਦੇ ਅੰਦਰੂਨੀ ਮੁਆਮਲਿਆਂ ਵਿੱਚ ਗਵਰਨਮੈਂਟ ਕਦੇ ਦਖ਼ਲ ਨਹੀਂ ਦੇਵੇਗੀ.#ਇਸੇ ਸਾਲ ਦੇ ਅੰਤ ਵਿੱਚ ਇੱਕ ਹੋਰ ਅਹਿਦਨਾਮਾ ਹੋਇਆ, ਜਿਸ ਅਨੁਸਾਰ ਮਹਾਰਾਜਾ ਦਲੀਪ ਸਿੰਘ ਦੀ ਨਾਬਾਲਗੀ ਵਿੱਚ ਉਸ ਦੇ ਰਾਜ ਦਾ ਪ੍ਰਬੰਧ ਕਰਨ ਲਈ ਸਿੱਖ ਸਰਦਾਰਾਂ ਦੀ ਇੱਕ ਕੌਂਸਲ ਬਣਾਈ, ਜਿਸ ਦਾ ਪ੍ਰਧਾਨ ਇੱਕ ਅੰਗ੍ਰੇਜ਼ ਰੈਜ਼ੀਡੈਂਟ ਥਾਪਿਆ ਗਿਆ, ਅਰ ਦੇਸ਼ ਵਿੱਚ ਅਮਨ ਰੱਖਣ ਲਈ ਜੋ ਅੰਗ੍ਰੇਜ਼ੀ ਫੌਜ ਰੱਖੀ ਗਈ, ਉਸ ਦੇ ਖਰਚ ਦਾ ੨੨ ਲੱਖ ਰੁਪਯਾ ਸਾਲਾਨਾ ਲਹੌਰ ਦਰਬਾਰ ਨੇ ਦੇਣਾ ਮਨਜੂਰ ਕੀਤਾ.#ਇਹ ਪ੍ਰਬੰਧ ਅਜੇ ਥੋੜਾ ਚਿਰ ਹੀ ਚੱਲਿਆ ਸੀ ਕਿ ਅੰਗ੍ਰੇਜ਼ਾਂ ਅਤੇ ਸਿੱਖਾਂ ਵਿੱਚ ਅਪ੍ਰੈਲ ਸਨ ੧੮੪੮ ਤੋਂ ਫੇਰ ਜੰਗ ਛਿੜ ਪਿਆ, ਜਿਸ ਦੇ ਅੰਤ ਵਿੱਚ ਸਿੱਖ ਰਾਜ ਦੀ ਸਮਾਪਤੀ ਹੋਗਈ ਅਤੇ ੧੦. ਵਰ੍ਹੇ ਦੇ ਨਾਬਾਲਗ਼ ਮਹਾਰਾਜਾ ਦਲੀਪਸਿੰਘ ਤੋਂ ੨੯ ਮਾਰਚ ਸਨ ੧੮੪੯ ਨੂੰ ਪਿਤਾ ਦੇ ਰਾਜ ਤੋਂ ਬੇਦਾਵਾ ਲਿਖਵਾਕੇ ਡਾਕਟਰ ਜਾਨ ਲੋਗਿਨ (Sir John Spencer Login) ਦੀ ਨਿਗਰਾਨੀ ਵਿੱਚ ਪੰਜਾਬੋਂ ਬਾਹਰ ਫਤਹਗੜ੍ਹ (ਯੂ. ਪੀ. ਜਿਲਾ ਫ਼ਰਰੁਖ਼ਾਬਾਦ) ਭੇਜਿਆ ਗਿਆ.#ਦਲੀਪਸਿੰਘ ਨਾਲ ਕੋਈ ਧਾਰਮਿਕਸਿਕ੍ਸ਼ਾ ਦੇਣ ਵਾਲਾ ਨਹੀਂ ਸੀ, ਅਰ ਜੋ ਨਾਲ ਅਹਿਲਕਾਰ (ਅਯੁਧ੍ਯਾਪ੍ਰਸਾਦ, ਪੁਰੋਹਿਤ ਗੁਲਾਬਰਾਇ, ਫ਼ਕ਼ੀਰ ਜਹੂਰੁੱਦੀਨ) ਸਨ, ਉਨ੍ਹਾਂ ਨੂੰ ਸਿੱਖ ਧਰਮ ਨਾਲ ਜਰਾ ਭੀ ਪਿਆਰ ਨਹੀਂ ਸੀ. ਫ਼ਰਰੁਖ਼ਬਾਦ ਨਿਵਾਸੀ ਭਜਨਲਾਲ ਬ੍ਰਾਹਮਣ, ਜੋ ਮਿਸ਼ਨ ਸਕੂਲ ਦੀ ਤਾਲੀਮ ਪਾਕੇ ਈਸਾਈ ਹੋਗਿਆ ਸੀ, ਮਹਾਰਾਜਾ ਦਾ ਮੁਸਾਹਿਬ ਮੁਕ਼ੱਰਰ ਕੀਤਾ ਗਿਆ, ਜਿਸ ਦੇ ਅਸਰ ਨਾਲ ੮. ਮਾਰਚ ਸਨ ੧੮੫੩ ਨੂੰ ਪੰਜਾਬਕੇਸ਼ਰੀ ਦੇ ਪੁਤ੍ਰ ਨੇ ਈਸਾਈ ਧਰਮ ਧਾਰਨ ਕਰਲਿਆ. ਈਸਾਈ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਦਲੀਪਸਿੰਘ ਨੇ ਆਪਣੇ ਕੇਸ਼ ਤੋਫੇ ਦੇ ਤੌਰ ਪਰ ਲੇਡੀ ਲੋਗਿਨ ਦੀ ਭੇਟਾ ਕਰ ਦਿੱਤੇ ਸਨ.#੧੯ ਅਪ੍ਰੈਲ ਸਨ ੧੮੫੪ ਨੂੰ ਦਲੀਪਸਿੰਘ ਇੰਗਲੈਂਡ ਚਲਾ ਗਿਆ ਅਰ Norfolk ਵਿੱਚ ਐਲ- ਵਡਨ (Elveden) ਨਿਵਾਸ ਅੰਦਰ ਰਹਿਣ ਲੱਗਾ. ਦਲੀਪਸਿੰਘ ਨੇ ਪਹਿਲੀ ਸ਼ਾਦੀ ਇੱਕ ਜਰਮਨ ਸੌਦਾਗਰ ਦੀ ਲੜਕੀ Miss Bamba Muller ਨਾਲ, ਜੋ ਕੈਰੋ (Cairo) ਮਿਸ਼ਨ ਸਕੂਲ ਵਿੱਚ ਸਿਖ੍ਯਾ ਪਾਉਂਦੀ ਸੀ, ੭. ਜੂਨ ਸਨ ੧੮੬੪ ਨੂੰ ਕੀਤੀ, ਜਿਸ ਤੋਂ ਤਿੰਨ ਪੁਤ੍ਰ.⁵ ਅਤੇ ਤਿੰਨ ਪੁਤ੍ਰੀਆਂ ਹੋਈਆਂ.⁶ ਇਸ ਮਹਾਰਾਣੀ ਦਾ ਦੇਹਾਂਤ ਸਨ ੧੮੯੦ ਵਿੱਚ ਹੋਇਆ.#ਦੂਜੀ ਸ਼ਾਦੀ ਅੰਗ੍ਰੇਜ਼ ਲੇਡੀ Miss A. D. Wetherill ਨਾਲ ਹੋਈ, ਜੋ ਮਹਾਰਾਜਾ ਦਲੀਪਸਿੰਘ ਦੇ ਮਰਣ ਪਿੱਛੋਂ ਜਿਉਂਦੀ ਰਹੀ.#ਮਹਾਰਾਜਾ ਦਲੀਪਸਿੰਘ ਦੀ ਅੰਤਿਮ ਅਵਸਥਾ ਵਡੇ ਕਲੇਸ਼ ਵਿੱਚ ਬੀਤੀ. ਹਿੰਦੁਸਤਾਨ ਨੂੰ ਆਉਂਦਾ ਹੋਇਆ ਅਦਨ ਰੋਕਿਆ ਗਿਆ ਅਤੇ ਪੈਨਸ਼ਨ ਬੰਦ ਹੋਗਈ, ਜਿਸ ਤੋਂ ਬਹੁਤ ਤੰਗਦਸ੍ਤ ਹੋਗਿਆ. ਅੰਤ ਨੂੰ ਮਹਾਰਾਣੀ ਵਿਕਟੋਰੀਆ ਤੋਂ ਮੁਆਫੀ ਮੰਗੀ ਅਰ ਪੈਨਸ਼ਨ ਜਾਰੀ ਹੋਈ.#੨੨ ਅਕਤੂਬਰ ਸਨ ੧੮੯੩ ਨੂੰ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਮਹਾਰਾਜਾ ਦਲੀਪਸਿੰਘ ਨੇ ਅਨਾਥਾਂ ਦੀ ਤਰਾਂ ਪ੍ਰਾਣ ਤ੍ਯਾਗੇ. ਉਸ ਦੀ ਦੇਹ ਇੰਗਲੈਂਡ ਲਿਆਕੇ "ਐਲਵਡਨ" ਦੇ ਹਾਤੇ ਵਿੱਚ ਦਫਨ ਕੀਤੀ ਗਈ. ਦੇਖੋ, ਜਿੰਦਾ ਕੌਰ ਅਤੇ ਰਣਜੀਤਸਿੰਘ.
ਸਰੋਤ: ਮਹਾਨਕੋਸ਼