ਦਸ਼ਰਥ
thasharatha/dhasharatha

ਪਰਿਭਾਸ਼ਾ

ਅਯੋਧ੍ਯਾ ਦਾ ਪਤੀ ਰਘੁਵੰਸ਼ੀ ਅਜ ਦਾ ਪੁਤ੍ਰ, ਅਤੇ ਰਾਮਚੰਦ੍ਰ ਜੀ ਦਾ ਪਿਤਾ, ਜਿਸ ਦਾ ਰਥ ਦਸ਼ੋ ਦਿਸ਼ਾ ਵਿੱਚ ਬਿਨਾ ਰੋਕ ਫਿਰਦਾ ਸੀ. ਰਾਮਾਇਣ ਵਿੱਚ ਇਸ ਦੀਆਂ ਇਸਤ੍ਰੀਆਂ ਤਿੰਨ ਸੌ ਤਿਵੰਜਾ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਸ਼ਿਰੋਮਣਿ ਕੌਸ਼ਲ੍ਯਾ, ਕੈਕੇਯੀ ਅਤੇ ਸੁਮਿਤ੍ਰਾ ਸਨ. ਕੌਸ਼ਲ੍ਯਾ ਤੋਂ ਰਾਮ, ਕੈਕੇਯੀ ਤੋਂ ਭਰਤ ਅਤੇ ਸੁਮਿਤ੍ਰਾ ਤੋਂ ਲਛਮਣ ਅਤੇ ਸ਼ਤ੍ਰੁਘਨ ਜਨਮੇ. ਜਿਸ ਵੇਲੇ ਰਾਮ ਨੂੰ ਰਾਜਾ ਦਸ਼ਰਥ ਯੁਵਰਾਜ ਥਾਪਣ ਲੱਗਿਆ ਸੀ, ਤਦ ਉਸ ਦੀ ਉਮਰ ਸੱਠ ਹਜ਼ਾਰ ਵਰ੍ਹੇ ਦੀ ਸੀ. (ਦੇਖੋ, ਵਾਲਮੀਕ ਕਾਂਡ ੨, ਅਃ ੨)#ਇੱਕ ਵੇਰ ਯੁੱਧ ਵਿੱਚ ਕੈਕੇਯੀ ਨੇ ਦਸ਼ਰਥ ਦੀ ਸਹਾਇਤਾ ਕੀਤੀ ਸੀ. ਉਸ ਤੋਂ ਪ੍ਰਸੰਨ ਹੋਕੇ ਦੋ ਵਰ ਦਿੱਤੇ ਸਨ ਉਨ੍ਹਾਂ ਨੂੰ ਚੇਤੇ ਕਰਾਕੇ ਕੈਕੇਯੀ ਨੇ ਆਖਿਆ ਕਿ ਮੇਰੇ ਪੁਤ੍ਰ ਭਰਤ ਨੂੰ ਯੁਵਰਾਜ ਅਤੇ ਰਾਮ ਨੂੰ ੧੪. ਵਰ੍ਹੇ ਵਨਵਾਸ ਦਿਓ. ਰਾਜੇ ਨੂੰ ਇਹ ਗੱਲ ਮਜਬੂਰਨ ਮੰਨਣੀ ਪਈ, ਪਰ ਰਾਮ ਨੂੰ ਵਨਵਾਸ ਦੇਕੇ ਅਜਿਹਾ ਦੁਖੀ ਹੋਇਆ ਕਿ ਵਿਯੋਗ ਵਿੱਚ ਪ੍ਰਾਣ ਤ੍ਯਾਗ ਦਿੱਤੇ. "ਉਤ ਦਸਰਥ ਤਨ ਕੋ ਤਜ੍ਯੋ ਸ੍ਰੀ ਰਘੁਬੀਰ ਵਿਯੋਗ." (ਰਾਮਾਵ)#ਵਾਲਮੀਕਿ ਨੇ ਲਿਖਿਆ ਹੈ ਕਿ ਸਿੰਧੁ (ਸ਼੍ਰਵਣ) ਨਾਮਿਕ ਤਪੀਆ ਜੋ ਸ਼ੂਦ੍ਰਾ ਇਸਤ੍ਰੀ ਤੋਂ ਵੈਸ਼੍ਯ ਦਾ ਪੁਤ੍ਰ ਸੀ, ਆਪਣੇ ਅੰਧੇ ਮਾਤਾ ਪਿਤਾ ਲਈ ਰਾਤ ਨੂੰ ਤਾਲ ਤੋਂ ਜਲ ਭਰਣ ਆਇਆ ਸੀ. ਦਸ਼ਰਥ ਉਸੇ ਤਾਲ ਦੇ ਕੰਢੇ ਸ਼ਿਕਾਰ ਦੀ ਤਾਕ ਵਿੱਚ ਬੈਠਾ ਸੀ. ਘੜੇ ਭਰਨ ਦਾ ਸ਼ਬਦ ਸੁਣਕੇ ਹਾਥੀ ਆਦਿ ਜੰਗਲੀ ਜੀਵ ਸਮਝ ਕੇ ਰਾਜੇ ਨੇ ਸ਼ਬਦਵੇਧੀ ਬਾਣ ਨਾਲ ਸ਼੍ਰਵਣ ਨੂੰ ਮਾਰ ਦਿੱਤਾ. ਜਦ ਜਾਕੇ ਦੇਖਿਆ ਤਦ ਦਸ਼ਰਥ ਵਡਾ ਦੁਖੀ ਹੋਇਆ. ਮਰਦੇ ਹੋਏ ਤਪੀਏ ਨੇ ਆਪਣੇ ਮਾਤਾ ਪਿਤਾ ਦਾ ਹਾਲ ਦੱਸਕੇ ਦਸ਼ਰਥ ਨੂੰ ਆਖਿਆ ਕਿ ਉਨ੍ਹਾਂ ਨੂੰ ਜਾਕੇ ਜਲ ਦੇਹ. ਰਾਜਾ ਪਾਣੀ ਲੈਕੇ ਉਨ੍ਹਾਂ ਪਾਸ ਗਿਆ ਅਤੇ ਸਾਰੀ ਕਥਾ ਸੁਣਾਕੇ ਅਪਰਾਧ ਦੀ ਮੁਆਫ਼ੀ ਮੰਗੀ. ਅੰਧ ਤਪੀਏ ਨੇ ਆਖਿਆ ਕਿ ਹੇ ਰਾਜਾ! ਤੂੰ ਪੁਤ੍ਰ ਦੇ ਵਿਯੋਗ ਨਾਲ ਪ੍ਰਾਣ ਤ੍ਯਾਗੇਂਗਾ।¹#੨. ਅਸ਼ੋਕ ਰਾਜਾ ਦਾ ਪੋਤਾ, ਜੋ ਈਸਵੀ ਸਨ ਦੇ ਆਰੰਭ ਤੋਂ ਦੋ ਸੌ ਵਰ੍ਹੇ ਪਹਿਲਾਂ ਹੋਇਆ ਹੈ.
ਸਰੋਤ: ਮਹਾਨਕੋਸ਼