ਪਰਿਭਾਸ਼ਾ
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ.
ਸਰੋਤ: ਮਹਾਨਕੋਸ਼