ਪਰਿਭਾਸ਼ਾ
ਵਿ- ਦੀਨਾਂ ਦਾ ਸ੍ਵਾਮੀ. "ਦੀਨਾਨਾਥ ਸਕਲ ਭੈਭੰਜਨ." (ਸੋਰ ਮਃ ੯) ੨. ਰਾਜਾ ਦੀਨਾ ਨਾਥ. ਬਖ਼ਤਮੱਲ ਦਾ ਪੁਤ੍ਰ ਕਸ਼ਮੀਰੀ ਬ੍ਰਾਹਮਣ, ਜੋ ਮਹਾਰਾਜਾ ਰਣਜੀਤਸਿੰਘ ਦਾ ਅਹਿਲਕਾਰ ਸੀ. ਮਹਾਰਾਜਾ ਨੇ ਪਹਿਲਾਂ ਇਸ ਨੂੰ ਦੀਵਾਨ ਖਿਤਾਬ ਦਿੱਤਾ, ਫੇਰ ਰਾਜਾ ਪਦਵੀ ਬਖ਼ਸ਼ੀ. ਇਹ ਵਡਾ ਚਤੁਰ ਅਤੇ ਜਮਾਨੇ ਦੀ ਚਾਲ ਨੂੰ ਸਮਝਣ ਵਾਲਾ ਆਦਮੀ ਸੀ. ਮਹਾਰਾਜਾ ਰਣਜੀਤਸਿੰਘ ਦੇ ਦੇਹਾਂਤ ਪਿੱਛੋਂ ਲਹੌਰ ਵਿੱਚ ਅਨੇਕ ਰੰਗ ਵਰਤੇ, ਪਰ ਰਾਜਾ ਦੀਨਾਨਾਥ ਨੂੰ ਕੋਈ ਨੁਕਸਾਨ ਨਹੀਂ ਪੁੱਜਾ. ਅੰਗ੍ਰੇਜ਼ਾਂ ਦੀ ਅਮਲਦਾਰੀ ਸਮੇਂ ਭੀ ਇਸ ਦੀ ਜਾਗੀਰ ੪੬੪੬੦) ਸਲਾਨਾ ਆਮਦਨ ਦੀ ਬਹਾਲ ਰਹੀ. ਦੀਨਾਨਾਥ ਦਾ ਦੇਹਾਂਤ ਸਨ ੧੮੫੭ ਵਿੱਚ ਹੋਇਆ.
ਸਰੋਤ: ਮਹਾਨਕੋਸ਼