ਦੇਹਰਾ ਬਾਬਾ ਨਾਨਕ
thayharaa baabaa naanaka/dhēharā bābā nānaka

ਪਰਿਭਾਸ਼ਾ

ਗੁਰਦਾਸਪੁਰ ਦੇ ਜਿਲੇ ਤਸੀਲ ਬਟਾਲੇ ਵਿੱਚ ਰਾਵੀ ਦੇ ਦੱਖਣੀ ਕਿਨਾਰੇ ਗੁਰਦਾਸਪੁਰ ਤੋਂ ੨੨ ਮੀਲ ਪੁਰ ਉਹ ਨਗਰ, ਜਿੱਥੇ ਗੁਰੂ ਨਾਨਕ ਜੀ ਨੇ ਦੇਹ ਤ੍ਯਾਗੀ ਹੈ. ਇਸ ਨੂੰ ਲੋਕ ਡੇਰਾ ਬਾਬਾ ਨਾਨਕ ਸਦਦੇ ਹਨ. ਇਹ ਨਗਰ ਪਹਿਲਾਂ ਕਰਤਾਰਪੁਰ ਨਾਮ ਤੋਂ ਪ੍ਰਸਿੱਧ ਸੀ. ਇੱਥੇ ਜੋ ਗੁਰੂ ਨਾਨਕਦੇਵ ਜੀ ਦੀ ਸਮਾਧਿ ਉਨ੍ਹਾਂ ਦੀ ਆਗ੍ਯਾ ਤੋਂ ਵਿਰੁੱਧ ਬਣਾਈ ਗਈ ਸੀ ਉਹ ਨਗਰ ਸਮੇਤ ਰਾਵੀ ਦੇ ਪ੍ਰਵਾਹ ਵਿੱਚ ਲੋਪ ਹੋ ਗਈ. ਲਕ੍ਸ਼੍‍ਮੀਦਾਸ ਜੀ ਦੇ ਸੁਪੁਤ੍ਰ ਧਰਮਚੰਦ ਜੀ ਨੇ ਨਵੀਂ ਬਸ੍ਤੀ ਦਾ ਨਾਮ ਦੇਹਰਾ ਬਾਬਾ ਨਾਨਕ ਰੱਖਿਆ, ਅਤੇ ਗੁਰੂ ਨਾਨਕਦੇਵ ਜੀ ਦੀ ਨਵੀਂ ਸਮਾਧਿ ਬਣਵਾਈ. ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤਸਿੰਘ ਅਤੇ ਸਰਦਾਰ ਸੁਧਸਿੰਘ ਤਥਾ ਪ੍ਰੇਮੀ ਸੰਗਤਿ ਨੇ ਪ੍ਰੇਮਭਾਵ ਨਾਲ ਕੀਤੀ ਹੈ. ਜਾਗੀਰ ਚੌਦਾਂ ਸੌ ਰੁਪਯਾ ਪਿੰਡ ਕਿਲਾ ਨੱਥੂਸਿੰਘ ਤੋਂ ਅੱਠ ਸੌ ਪੱਚੀ ਰੁਪਯੇ ਸਾਲਾਨਾ ਕਮਾਲਪੁਰ ਤੋਂ, ਸੱਤ ਸੌ ਦਸ ਰੁਪਏ ਤਾਲਪੁਰ ਅਤੇ ਗਦਰਾਮ ਜਿਲਾ ਅੰਮ੍ਰਿਤਸਰ ਤੋਂ ਹੈ. ਇਕ ਹਜ਼ਾਰ ਪੰਜਾਹ ਘੁਮਾਉਂ ਸਾਥ ਜ਼ਮੀਨ ਹੈ, ਜਿਸ ਵਿੱਚੋਂ ਚਾਰ ਸੌ ਬੰਜਰ ਅਤੇ ਬਾਕੀ ਫਸਲ ਹੋਣ ਲਾਇਕ਼ ਹੈ. ਕ਼ਰੀਬ ਸੱਤਰ ਘੁਮਾਉਂ ਦੇ ਜ਼ਮੀਨ ਹੋਰ ਪਿੰਡਾਂ ਵਿੱਚ ਗੁਰਦ੍ਵਾਰੇ ਦੀ ਹੈ. ਗੁਰਦ੍ਵਾਰੇ ਨਾਲ ੨੯ ਦੁਕਾਨਾਂ ਹਨ, ਜਿਨ੍ਹਾਂ ਦੇ ਕਿਰਾਏ ਦੀ ਚੋਖੀ ਆਮਦਨ ਹੈ. ਵੈਸਾਖੀ, ੨੦. ਫੱਗੁਣ ਅਤੇ ਸ਼੍ਰਾੱਧਾਂ ਦੀ ਦਸਮੀ ਨੂੰ ਮੇਲੇ ਲਗਦੇ ਹਨ. ਹੁਣ ਡੇਰਾ ਬਾਬਾ ਨਾਨਕ ਅਮ੍ਰਿਤਸਰ ਵੇਰਕਾ ਲੈਨ ਦਾ ਸਟੇਸ਼ਨ ਹੈ, ਜੋ ਅਮ੍ਰਿਤਸਰੋਂ ੩੪ ਮੀਲ ਹੈ.#ਇਸ ਕਸਬੇ ਅੰਦਰ ਗੁਰੂ ਨਾਨਕਦੇਵ ਦਾ ਗੁਰਦ੍ਵਾਰਾ ਚੋਲਾ ਸਾਹਿਬ ਨਾਮ ਕਰਕੇ ਭੀ ਹੈ. ਦੇਖੋ, ਚੋਲਾ ਸਾਹਿਬ।#੨. ਪੱਖੋ ਪਿੰਡ ਪਾਸ ਇੱਕ ਦੇਹਰਾ ਬਾਬਾ ਲਕ੍ਸ਼੍‍ਮੀ ਜੀ ਦੇ ਪੋਤੇ ਮੇਹਰਚੰਦ ਨੇ ਭੀ ਬਣਵਾਇਆ ਹੈ, ਜਿਸ ਨੂੰ ਦੀਵਾਨ ਚੰਦੂਲਾਲ ਹੈਦਰਾਬਾਦੀ ਦੇ ਚਾਚੇ ਨਾਨਕਚੰਦ ਨੇ ਬਹੁਤ ਧਨ ਲਾਕੇ ਸੁੰਦਰ ਰਚਿਆ, ਅਰ ਫੇਰ ਸ਼ੇਰ ਪੰਜਾਬ ਮਹਾਰਾਜਾ ਰਣਜੀਤਸਿੰਘ ਨੇ ਭੀ ਬਹੁਤ ਧਨ ਖ਼ਰਚ ਕੀਤਾ, ਦੇਖੋ, ਪੱਖੋ.
ਸਰੋਤ: ਮਹਾਨਕੋਸ਼