ਪਰਿਭਾਸ਼ਾ
ਇੱਕ ਰੋਗ. ਸੰ. दद्रु- ਦਦ੍ਰੁ [قوُبا] ਕ਼ੂਬਾ. Ringworm. ਮੈਲਾ ਰਹਿਣ ਅਤੇ ਮੈਲਾ ਪਾਣੀ ਲਗਣ ਤੋਂ ਗਿੱਲਾ ਵਸਤ੍ਰ ਪਹਿਰਨ ਤੋਂ ਲਹੂ ਦੀ ਖਰਾਬੀ ਤੋਂ ਇਹ ਰੋਗ ਹੁੰਦਾ ਹੈ. ਵੈਦਕ ਵਿੱਚ ਇਹ ਛੋਟੇ ਕੁਸ੍ਠਾਂ (ਕੋੜ੍ਹਾਂ) ਅੰਦਰ ਗਿਣਿਆ ਹੈ. ਇਸ ਦੇ ਭੀ ਕੀੜੇ ਹੁੰਦੇ ਹਨ, ਜੋ ਖੁਰਕਣ ਤੋਂ ਵਧਦੇ ਰਹਿਂਦੇ ਹਨ. ਦੱਦ ਵਿੱਚ ਮੱਠੀ ਮੱਠੀ ਖਾਜ ਉਠਦੀ ਹੈ. ਜਾਦਾ ਖੁਰਕਣ ਤੋਂ ਤੁਚਾ ਉੱਚੜ ਜਾਂਦੀ ਹੈ, ਪਾਣੀ ਨਿਕਲਨ ਲਗਦਾ ਹੈ ਅਤੇ ਜਲਨ ਪੈਦਾ ਹੁੰਦੀ ਹੈ. ਇਸ ਤੋਂ ਛੁਟਕਾਰਾ ਪਾਉਣ ਦਾ ਉਪਾਉ ਇਹ ਹੈ ਕਿ ਗੰਧਕ ਦੇ ਸਬੂਣ ਨਾਲ ਦੱਦ ਵਾਲਾ ਥਾਂ ਧੋਕੇ ਹੇਠ ਲਿਖੀ ਦਵਾ ਵਰਤਣੀ ਚਾਹੀਏ.#ਕੱਥ, ਮਾਜੂ, ਗੰਧਕ, ਤੇਲੀਆ ਸੁਹਾਗਾ, ਚੌਹਾਂ ਨੂੰ ਕਪੜਛਾਣ ਕਰਕੇ ਕੂੰਡੇ ਵਿੱਚ ਪਾਣੀ ਦੇ ਛਿੱਟੇ ਦੇਕੇ ਅਜੇਹਾ ਘੋਟੇ ਜੋ ਲੇਸ ਛੱਡ ਦੇਣ. ਇਸ ਦੀਆਂ ਗੋਲੀਆਂ ਵੱਟਕੇ ਛਾਵੇਂ ਸੁਕਾ ਲੈਣੀਆਂ. ਇਹ ਗੋਲੀ ਪਾਣੀ ਨਾਲ ਘਸਾਕੇ ਦੱਦ ਉੱਪਰ ਲੇਪ ਕਰਨੀ ਅਰ ਜਦ ਤੀਕ ਦਵਾ ਖੁਸ਼ਕ ਨਾ ਹੋ ਜਾਵੇ ਵਸਤ੍ਰ ਨਾਲ ਅੰਗ ਨਹੀਂ ਢਕਣਾ ਚਾਹੀਏ.#ਸੰਘਾੜੇ ਦਾ ਆਟਾ ਛੀ ਮਾਸ਼ੇ, ਅਫੀਮ ਇੱਕ ਮਾਸ਼ਾ, ਦੋਹਾਂ ਨੂੰ ਕਾਗਜੀ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਘੋਟਕੇ ਲੇਪ ਕਰਨਾ.#ਚਰਾਇਤਾ ਆਦਿ ਲਹੂ ਸਾਫ ਕਰਨ ਵਾਲੀਆਂ ਔਖਧਾਂ ਵਰਤਣੀਆਂ ਗੁਣਕਾਰੀ ਹਨ. ਦੱਦ ਦੇ ਰੋਗੀ ਨੂੰ ਲਹੂ ਵਿੱਚ ਜੋਸ਼ ਕਰਨ ਵਾਲੇ ਤੀਖਣ ਪਦਾਰਥ ਨਹੀਂ ਵਰਤਣੇ ਚਾਹੀਦੇ.
ਸਰੋਤ: ਮਹਾਨਕੋਸ਼