ਪਰਿਭਾਸ਼ਾ
ਰਿਆਸਤ ਪਟਿਆਲੇ ਦੀ ਨਜਾਮਤ ਸੁਨਾਮ ਦੀ ਤਸੀਲ ਨਰਵਾਣਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਧਮਤਾਨ ਤੋਂ ਇੱਕ ਮੀਲ ਦੱਖਣ ਪੱਛਮ ਹੈ. ਇਸ ਗ੍ਰਾਮ ਤੋਂ ਉੱਤਰ ਗੁਰੂ ਤੇਗ ਬਹਾਦੁਰ ਸਾਹਿਬ ਦਾ ਗੁਰਦ੍ਵਾਰਾ ਹੈ. ਗੁਰੂ ਸਾਹਿਬ ਬਾਂਗਰ ਤੋਂ ਆਗਰੇ ਨੂੰ ਜਾਂਦੇ ਇੱਥੇ ਪਧਾਰੇ ਅਤੇ ਕਈ ਦਿਨ ਵਿਰਾਜੇ. ਇੱਥੋਂ ਦੇ ਵਸਨੀਕ ਦੱਗੋ ਜਿਮੀਦਾਰ ਨੇ ਦੁੱਧ ਆਦਿ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ. ਸਤਿਗੁਰੂ ਨੇ ਉਸ ਨੂੰ ਧਨ ਦੇਕੇ ਹੁਕਮ ਦਿੱਤਾ ਕਿ ਇੱਥੇ ਲੋਕਾਂ ਦੇ ਹਿਤ ਲਈ ਖੂਹ ਲਗਵਾ ਦੇਈਂ. ਦਗੋ ਨੇ ਸ੍ਵਾਰਥਵਸ਼ ਹੋਕੇ ਖੂਹ ਆਪਣੀ ਜ਼ਮੀਨ ਵਿੱਚ ਲਾਲਿਆ, ਜੋ ਗਰਕ ਹੋਇਆ ਹੁਣ ਗੁਰਦ੍ਵਾਰੇ ਪਾਸ ਦੇਖਿਆ ਜਾਂਦਾ ਹੈ.#ਇਸ ਗੁਰਦ੍ਵਾਰੇ ਦੀ ਸੇਵਾ ਮਹਾਰਾਜਾ ਕਰਮਸਿੰਘ ਨੇ ਕਰਵਾਈ ਹੈ, ਅਤੇ ਪਟਿਆਲੇ ਵੱਲੋਂ ਬੱਤੀ ਸੌ ਰੁਪਯਾ ਸਾਲਾਨਾ ਜਾਗੀਰ ਹੈ, ਇਸ ਤੋਂ ਇਲਾਵਾ ਗੁਰਦ੍ਵਾਰੇ ਨਾਲ ਬਾਈ ਸੌ ਵਿੱਘੇ ਜ਼ਮੀਨ ਹੈ. ਰਿਆਸਤ ਨਾਭੇ ਤੋਂ ਇੱਕ ਸੌ ਚੌਦਾਂ ਰੁਪਯੇ ਸਾਲਾਨਾ ਮਿਲਦੇ ਹਨ. ਮੇਲਾ ਦਸਹਿਰੇ ਅਤੇ ਹੋੱਲੇ ਨੂੰ ਹੁੰਦਾ ਹੈ. ਮਹੰਤ ਮੱਲ ਸਿੰਘ ਜੀ ਨੇ ਇਸ ਅਸਥਾਨ ਨੂੰ ਵਡੀ ਰੌਣਕ ਦਿੱਤੀ ਹੈ. ਹੁਣ ਅਘੜਸਿੰਘ ਜੀ ਭੀ ਗੁਰਮੁਖ ਮਹੰਤ ਹਨ. ਕਥਾ ਕੀਰਤਨ ਲੰਗਰ ਆਦਿ ਦਾ ਉੱਤਮ ਪ੍ਰਬੰਧ ਹੈ.#ਭਾਈ ਮੀਹੇਂ ਨੂੰ ਇਸੇ ਥਾਂ ਬਖਸ਼ਿਸ਼ ਹੋਈ ਹੈ. ਦੇਖੋ, ਮੀਹਾਂ ਭਾਈ.
ਸਰੋਤ: ਮਹਾਨਕੋਸ਼