ਪਰਿਭਾਸ਼ਾ
ਸੰਗ੍ਯ- ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ. "ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ." (ਕ੍ਰਿਸਨਾਵ) "ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ." (ਗੁਪ੍ਰਸੂ) ੨. ਨਾਭਿਚਕ੍ਰ। ੩. ਬੱਚੇਦਾਨ ਦਾ ਮੁਖ. ਰਿਹਮ ਦਾ ਅਗਲਾ ਹ਼ਿੱਸਾ. ਦੇਖੋ, ਮਾਤ੍ਰ। ੪. ਦਿਸ਼ਾ. ਤ਼ਰਫ਼. "ਤੁਧ ਨੋ ਛੋਡਿ ਜਾਈਐ ਪ੍ਰਭੁ ਕੈਂ ਧਰਿ?" (ਆਸਾ ਮਃ ੫) ਕਿਸ ਵੱਲ ਜਾਈਏ? "ਨਿਸਰਤ ਉਹ ਧਰ." (ਰਾਮਾਵ) ਤੀਰ ਉਸ (ਦੂਜੇ) ਪਾਸੇ ਨਿਕਲ ਜਾਂਦੇ ਹਨ। ੫. ਓਟ. ਪਨਾਹ. ਆਸਰਾ. "ਨਾਨਕ ਮੈ ਧਰ ਅਵਰੁ ਨ ਕਾਈ." (ਨਟ ਅਃ ਮਃ ੪) "ਮੈ ਧਰ ਤੇਰੀ ਪਾਰਬ੍ਰਹਮ." (ਸ੍ਰੀ ਮਃ ੫) ੬. ਧੁਰ. ਗੱਢੇ ਦੀ ਉਹ ਕਿੱਲੀ, ਜਿਸ ਦੇ ਆਧਾਰ ਪਹੀਆ ਹੈ. "ਧਰ ਤੂਟੀ ਗਾਡੋ ਸਿਰਭਾਰਿ." (ਰਾਮ ਮਃ ੧) ਇੱਥੇ ਗੱਡਾ ਸ਼ਰੀਰ ਹੈ, ਧਰ ਪ੍ਰਾਣਾਂ ਦੀ ਗੱਠ ਹੈ। ੭. ਧਰਾ. ਪ੍ਰਿਥਿਵੀ. "ਜਿਨਿ ਧਰ ਸਾਜੀ ਗਗਨ." (ਆਸਾ ਅਃ ਮਃ ੧) "ਸੋ ਤਨੁ ਧਰ ਸੰਗਿ ਰੂਲਿਆ." (ਗਉ ਮਃ ੫) ੮. ਸੰ. ਧਰ. ਪਹਾੜ. ਪਰਵਤ. (ਦੇਖੋ, ਧ੍ਰਿ (धृ) ਧਾ) "ਗਿਰੈਂ ਧਰੰ ਧੁਰੰਧਰੰ ਧਰੰ ਜਿਵੰ." (ਰਾਮਾਵ) ਮੁਖੀਏ (ਧੁਰੰਧਰ) ਯੋਧਾ, ਪ੍ਰਿਥਿਵੀ ਪੁਰ ਪਹਾੜਾਂ ਵਾਂਙ ਡਿਗਦੇ ਹਨ। ੯. ਪੁਰਾਣਾਂ ਵਿੱਚ ਲਿਖਿਆ ਕੱਛੂ, ਜੋ ਜਮੀਨ ਹੇਠ ਹੈ। ੧੦. ਵਿਸਨੁ। ੧੧. ਸੰ. ਵਿ- ਧਾਰਣ ਕਰਤਾ. ਧਾਰਣ ਵਾਲਾ. "ਭਜੁ ਚਕ੍ਰਧਰ ਸਰਣੰ." (ਗੂਜ ਜੈਦੇਵ) "ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰ ਉਚਾਰ." (ਸਨਾਮਾ) ਕਿਰਨਧਰ ਸੂਰਯ ਅਤੇ ਚੰਦ੍ਰਮਾ। ੧੨. ਦੇਖੋ, ਧਰਿ। ੧੩. ਪਕੜ.
ਸਰੋਤ: ਮਹਾਨਕੋਸ਼