ਨਚਿਕੇਤਾ
nachikaytaa/nachikētā

ਪਰਿਭਾਸ਼ਾ

ਸੰ. नचिकेतम्. ਸੰਗ੍ਯਾ- ਅਗਨਿ। ੨. ਇੱਕ ਰਿਖੀ. ਤੈੱਤਿਰੀਯ ਬ੍ਰਾਹਮਣ ਅਤੇ ਕਠ ਉਪਨਿਸਦ ਵਿੱਚ ਲਿਖਿਆ ਹੈ ਕਿ ਨਚਿਕੇਤਾ ਦੇ ਪਿਤਾ ਵਾਜਸ਼੍ਰਵਸ੍‌ (ਅਥਵਾ ਅਰੁਣਿ) ਨੇ ਸ੍ਵਰਗਲੋਕ ਦੀ ਪ੍ਰਾਪਤੀ ਲਈ ਕਈ ਯਗ੍ਯ ਕੀਤੇ ਅਤੇ ਅਨੰਤ ਦਾਨ ਦਿੱਤੇ, ਨਚਿਕੇਤਾ ਨੇ ਕਿਹਾ ਕਿ ਹੇ ਪਿਤਾ! ਤੂੰ ਸਭ ਕੁਝ ਅਜੇ ਨਹੀਂ ਦਿੱਤਾ, ਕਿਉਂਕਿ ਮੈਂ ਅਜੇ ਬਾਕ਼ੀ ਰਹਿਂਦਾ ਹਾਂ, ਸੋ ਤੂੰ ਮੈਨੂੰ ਕਿਸ ਨੂੰ ਦੇਵੇਂਗਾ? ਜਦ ਨਚਿਕੇਤਾ ਨੇ ਇਹ ਸਵਾਲ ਕਈ ਵਾਰ ਕੀਤਾ, ਤਾਂ ਪਿਤਾ ਨੇ ਗੁੱਸੇ ਵਿੱਚ ਆਕੇ ਆਖਿਆ ਕਿ ਮੈਂ ਤੈਨੂੰ ਯਮ ਨੂੰ ਦੇਵਾਂਗਾ. ਇਸ ਪੁਰ ਨਚਿਕੇਤਾ ਯਮ ਦੇ ਪਾਸ ਗਿਆ ਅਤੇ ਤਿੰਨ ਰਾਤਾਂ ਉੱਥੇ ਰਿਹਾ. ਯਮ ਨੇ ਆਖਿਆ ਕੋਈ ਵਰ ਮੰਗ, ਨਚਿਕੇਤਾ ਨੇ ਪਹਿਲਾਂ ਵਰ ਤਾਂ ਇਹ ਮੰਗਿਆ ਕਿ ਮੈ ਆਪਣੇ ਪਿਤਾ ਪਾਸ ਵਾਪਿਸ ਚਲਾ ਜਾਵਾਂ ਅਤੇ ਅਸੀਂ ਆਪਸ ਵਿੱਚ ਪ੍ਰੇਮ ਨਾਲ ਰਹੀਏ. ਯਮ ਨੇ ਕਿਹਾ ਹੋਰ ਮੰਗ, ਇਸ ਪੁਰ ਨਚਿਕੇਤਾ ਨੇ ਆਤਮਵਿਦ੍ਯਾ ਯਮਰਾਜ ਤੋਂ ਮੰਗੀ, ਜਿਸ ਦਾ ਉਪਦੇਸ਼ ਉਸ ਨੇ ਨਚਿਕੇਤਾ ਨੂੰ ਦਿੱਤਾ ਅਤੇ ਗ੍ਯਾਨ ਦ੍ਰਿੜ੍ਹਾਇਆ.
ਸਰੋਤ: ਮਹਾਨਕੋਸ਼