ਨਮੁਚੀ
namuchee/namuchī

ਪਰਿਭਾਸ਼ਾ

ਸੰ. ਨਮੁਚਿ. ਮਹਾਭਾਰਤ ਅਨੁਸਾਰ ਵਿਪ੍ਰਚਿੱਤਿ ਦਾ ਪੁਤ੍ਰ ਇੱਕ ਦਾਨਵ, ਜਿਸ ਨੂੰ ਇੰਦ੍ਰ ਨੇ ਪਹਿਲਾਂ ਅਭੈਦਾਨ ਦਿੱਤਾ, ਪਰ ਫੇਰ ਧੋਖਾ ਦੇਕੇ ਮਾਰਿਆ, ਜਿਸ ਤੋਂ ਬ੍ਰਹਮਾ ਦੀ ਆਗ੍ਯਾ ਨਾਲ ਇੰਦ੍ਰ ਨੂੰ ਪ੍ਰਾਯਸ਼੍ਚਿਤ ਕਰਨਾ ਪਿਆ. ਨਮੁਚਿ ਦਾ ਜਿਕਰ ਰਿਗਵੇਦ ਵਿੱਚ ਭੀ ਹੈ. "ਦਨਐਸਿਰ ਸੰਬਰ ਨਮੁਚੀ ਜੋਊ." (ਨਾਪ੍ਰ) ੨. ਅਸੁਰਰਾਜ ਸ਼ੁੰਭ ਦਾ ਤੀਜਾ ਭਾਈ, ਜੋ ਨਿਸ਼ੁੰਭ ਤੋਂ ਛੋਟਾ ਸੀ. ਵਾਮਨਪੁਰਾਣ ਵਿੱਚ ਕਥਾ ਹੈ ਕਿ ਇਹ ਕਸ਼੍ਯਪ ਦੇ ਵੀਰਜ ਤੋਂ ਦਨੁ ਦੇ ਗਰਭੋਂ ਪੈਦਾ ਹੋਇਆ ਸੀ. ਜਦ ਇੰਦ੍ਰ ਨੇ ਨਮੁਚਿ ਨੂੰ ਮਾਰ ਦਿੱਤਾ, ਤਦ ਸ਼ੁੰਭ ਅਤੇ ਨਿਸ਼ੁੰਭ ਦੋਵੇਂ ਭਾਈ ਬਦਲਾ ਲੈਣ ਲਈ ਇੰਦ੍ਰ ਪੁਰ ਚੜ੍ਹੇ, ਅਤੇ ਸਾਰੇ ਦੇਵਤਿਆਂ ਨੂੰ ਜਿੱਤਕੇ ਸੁਰਗ ਦਾ ਰਾਜ ਸਾਂਭ ਲਿਆ. ਸ਼ੁੰਭ ਨੇ ਸੁਧੀਰ ਦੂਤ ਨੂੰ ਵਿੰਧ੍ਯ ਪਰਵਤ ਤੇ ਕਾਤ੍ਯਾਯਨੀ ਦੇਵੀ ਪਾਸ ਭੇਜਿਆ ਅਤੇ ਆਖਿਆ ਕਿ ਸਾਡੇ ਦੋਹਾਂ ਭਾਈਆਂ ਵਿੱਚੋਂ ਜਿਸ ਨੂੰ ਤੂੰ ਪਸੰਦ ਕਰੇਂ ਵਰਲੈ. ਦੇਵੀ ਨੇ ਉੱਤਰ ਦਿੱਤਾ ਕਿ ਮੈਂ ਜੰਗ ਕੀਤੇ ਬਿਨਾਂ ਨਹੀਂ ਵਰਦੀ. ਇਸ ਪੁਰ ਘੋਰ ਸੰਗ੍ਰਾਮ ਹੋਇਆ, ਜਿਸ ਵਿੱਚ ਧੂਮ੍ਰਲੋਚਨ, ਰਕਤਬੀਜ, ਚੰਡ, ਮੁੰਡ ਆਦਿ ਸਾਰੇ ਸਰਦਾਰ ਮਾਰੇ ਗਏ. ਅੰਤ ਨੂੰ ਦੁਰਗਾ ਨੇ ਸ਼ੁੰਭ ਅਤੇ ਨਿਸ਼ੁੰਭ ਨੂੰ ਭੀ ਮਾਰਿਆ. ਅਰ ਦੇਵਲੋਕ ਦਾ ਰਾਜ ਇੰਦ੍ਰ ਨੂੰ ਦਿੱਤਾ। ੩. ਕਾਮਦੇਵ. ਅਨੰਗ. ਮਨਮਥ.
ਸਰੋਤ: ਮਹਾਨਕੋਸ਼