ਪਰਿਭਾਸ਼ਾ
ਦਕ੍ਸ਼੍ ਦੀ ਪੁਤ੍ਰੀ ਅਹਿੰਸਾ ਦੇ ਉਦਰ ਤੋਂ ਧਰਮਰਾਜ ਦੇ ਦੋ ਪੁਤ੍ਰ, ਜੋ ਪ੍ਰਸਿੱਧ ਰਿਖੀ ਹੋਏ ਹਨ. ਵਾਮਨਪੁਰਾਣ ਵਿੱਚ ਇਨ੍ਹਾਂ ਦੀ ਇੱਕ ਕਥਾ ਹੈ ਜੋ ਵਿਕ੍ਰਮੋਰਵਸ਼ੀਯ ਨਾਟਕ ਵਿੱਚ ਭੀ ਲਿਖੀ ਹੈ, ਕਿ ਨਰ ਨਾਰਾਯਣ ਦੀ ਤਪਸ੍ਯਾ ਦੇਖ ਕੇ ਦੇਵਤੇ ਭੀ ਹੈਰਾਨ ਹੋ ਗਏ, ਇਸ ਲਈ ਇੰਦ੍ਰ ਨੇ ਅਪਸਰਾ ਭੇਜੀਆਂ ਕਿ ਜਾਕੇ ਉਨ੍ਹਾਂ ਦਾ ਤਪ ਭੰਗ ਕਰਨ. ਨਾਰਾਯਣ ਨੇ ਇੱਕ ਫੁੱਲ ਲੈਕੇ ਆਪਣੇ ਉਰੁ (ਪੱਟ) ਤੇ ਰੱਖਿਆ ਤਾਂ ਉਸ ਵਿੱਚੋਂ ਇੱਕ ਅਜੇਹੀ ਸੁੰਦਰ ਅਪਸਰਾ ਨਿਕਲੀ ਜੋ ਸ੍ਵਰਗੀਯ ਅਪਸਰਾ ਤੋਂ ਵਧੀਕ ਸੁੰਦਰ ਸੀ ਅਤੇ ਉਰੁ ਵਿੱਚੋਂ ਨਿਕਲਣੇ ਕਾਰਣ ਉਸ ਦਾ ਨਾਮ ਉਰਵਸੀ ਹੋਇਆ, ਉਸ ਨੂੰ ਵੇਖਕੇ ਇੰਦ੍ਰਲੋਕ ਦੀਆਂ ਸਾਰੀਆਂ ਅਪਸਰਾ ਸ਼ਰਮਿੰਦੀਆਂ ਹੋਕੇ ਮੁੜ ਦੇਵ ਲੋਕ ਨੂੰ ਚਲੀਆਂ ਗਈਆਂ. ਨਾਰਾਯਣ ਨੇ ਆਪਣੀ ਰਚੀ ਹੋਈ ਅਪਸਰਾ ਨੂੰ ਭੀ ਉਨ੍ਹਾਂ ਦੇ ਨਾਲ ਹੀ ਸੁਰਗ ਨੂੰ ਭੇਜ ਦਿੱਤਾ.#ਕਾਲਿਕਾਪੁਰਾਣ ਵਿੱਚ ਲੇਖ ਹੈ ਕਿ ਮਹਾਦੇਵ ਨੇ ਸ਼ਰਭ ਜੀਵ ਦਾ ਰੂਪ ਧਾਰਕੇ ਨਰਸਿੰਘ ਅਵਤਾਰ ਦੇ ਦੋ ਟੁਕੜੇ ਕਰ ਦਿੱਤੇ ਸਨ, ਨਰ ਹਿੱਸੇ ਦਾ ਨਰ ਰਿਖੀ ਅਤੇ ਸ਼ੇਰ ਵਾਲੇ ਭਾਗ ਦਾ ਨਾਰਾਯਣ ਰਿਖੀ ਬਣ ਗਿਆ. ਇਹ ਦੋਵੇਂ ਵਿਸਨੁ ਦੇ ਅੰਸ਼ਾਵਤਾਰ ਮੰਨੇ ਜਾਂਦੇ ਹਨ.#ਦੇਵੀਭਾਗਵਤ ਅਨੁਸਾਰ ਨਾਰਾਯਣ ਨੇ ਕ੍ਰਿਸਨ ਦਾ, ਅਤੇ ਨਰ ਨੇ ਅਰਜੁਨ ਦਾ ਦ੍ਵਾਪਰ ਵਿੱਚ ਅਵਤਾਰ ਧਾਰਿਆ। ੨. ਕਰਤਾਰ. ਪਾਰਬ੍ਰਹਮ. "ਨਰ ਨਾਰਾਇਣ ਅੰਤਰਜਾਮਿ." (ਗਉ ਮਃ ੧)
ਸਰੋਤ: ਮਹਾਨਕੋਸ਼