ਪਰਿਭਾਸ਼ਾ
ਸੰ. नर्मदा. ਨਰ੍ਮ (ਆਨੰਦ) ਦੇਣ ਵਾਲੀ ਇਕ ਨਦੀ, ਜੋ ਪੁਰਾਣਾਂ ਵਿੱਚ ਮੇਕਲ ਰਿਖੀ ਦੀ ਪੁਤ੍ਰੀ ਮੰਨੀ ਗਈ ਹੈ, ਇਸੇ ਕਾਰਣ ਇਸ ਨੂੰ ਮੇਕਲਾ ਅਥਵਾ ਮੈਕਲਕੰਨ੍ਯਾ ਭੀ ਆਖਦੇ ਹਨ. ਨਰਮਦਾ ਨੂੰ ਨਾਗਾਂ ਦੀ ਭੈਣ ਭੀ ਮੰਨਿਆ ਹੈ. ਏਸੇ ਨੇ ਗੰਧਰਵਾਂ ਦੇ ਮੁਕਾਬਲੇ ਵਿਚ ਨਾਗਾਂ ਦੀ ਸਹਾਇਤਾ ਲਈ ਪੁਰੁਕੁਤਸ ਨੂੰ ਲਿਆਂਦਾ ਸੀ, ਜਿਸ ਪੁਰ ਪ੍ਰਸੰਨ ਹੋਕੇ ਨਾਗਾਂ ਨੇ ਇਸ ਦਾ ਨਾਉਂ ਨਰਮਦਾ ਰੱਖ ਦਿੱਤਾ. ਵਿਸਨੁ ਪੁਰਾਣ ਵਿੱਚ ਲਿਖਿਆ ਹੈ ਕਿ ਪੁਰੁਕੁਤਸ ਨਰਮਦਾ ਦਾ ਪੁਤ੍ਰ ਸੀ. ਮਤਸ੍ਯਪੁਰਾਣ ਵਿੱਚ ਇਸ ਦੇ ਪਤਿ ਦਾ ਨਾਉਂ ਦੁਸਹ ਲਿਖਿਆ ਹੈ. ਹਰਿਵੰਸ਼ਂ ਵਿੱਚ ਇਸ ਨੂੰ ਪੁਰੁਕੁਤਸ ਦੀ ਇਸਤ੍ਰੀ ਬਣਾਇਆ ਹੈ ਅਤੇ ਇਸ ਦੇ ਨਾਉਂ "ਰੇਵਾ" ਅਤੇ "ਪੂਰਵਗੰਗਾ" ਭੀ ਕਹੇ ਹਨ. ਚੰਦ੍ਰਮਾ ਦੀ ਲੜਕੀ ਹੋਣ ਤੋਂ "ਇੰਦੁਜਾ" ਅਤੇ "ਸੋਮੋਦਭਵਾ" ਭੀ ਨਰਮਦਾ ਦੇ ਨਾਉਂ ਪੁਰਾਣਾਂ ਵਿੱਚ ਆਏ ਹਨ.#ਇਹ ਨਦੀ ਅਮਰਕੰਟਕ ਤੋਂ ਨਿਕਲਕੇ ਭੜੌਚ ਪਾਸ ਖੰਭਾਤ ਦੀ ਖਾਡੀ ਵਿੱਚ ਡਿਗਦੀ ਹੈ. ਇਸ ਦੀ ਸਾਰੀ ਲੰਬਾਈ ੮੦੧ ਮੀਲ ਹੈ. ਇਸ ਵਿੱਚੋਂ ਸ਼ਿਵਲਿੰਗ ਬਹੁਤ ਨਿਕਲਦੇ ਹਨ. ਦੇਖੋ, ਨਰਮਦੇਸ੍ਵਰ। ੨. ਕੌਸ਼ਿਕ ਦੀ ਇਸਤ੍ਰੀ. ਦੇਖੋ, ਕੌਸ਼ਿਕ ਅਤੇ ਮਾਂਡਵ.
ਸਰੋਤ: ਮਹਾਨਕੋਸ਼