ਪਰਿਭਾਸ਼ਾ
ਸੰ. ਸ੍ਨਾਯੁਕ੍ਰਿਮਿ. [عِرقمدنی] ਅਥਵਾ [رِشتہ] ਇ਼ਰਕ਼ਮਦਨੀ ਜਾਂ ਰਿਸ਼ਤਾ. Deracunculus. (Guinea Worm). ਵੈਦਕ ਵਿੱਚ ਇਸ ਦੇ ਕਾਰਣ- ਖੱਟੇ ਤਿੱਖੇ ਤੇ ਗਰਮ ਪਦਾਰਥ ਖਾਣੇ, ਗੰਦੇ ਮੰਦੇ ਪਾਣੀ ਪੀਣੇ, ਟੋਭਿਆਂ ਵਿੱਚ ਨ੍ਹਾਉਣਾ, ਨੰਗੇ ਪੈਰੀਂ ਫਿਰਨਾ ਆਦਿ ਲਿਖੇ ਹਨ. ਨਾਰਵਾ ਇੱਕ ਪ੍ਰਕਾਰ ਦਾ ਲੰਮਾ ਕੀੜਾ ਹੈ, ਜੋ ਪਾਣੀ ਨਾਲ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਅੰਦਰ ਬੱਚੇ ਦਿੰਦਾ ਹੈ. ਜਦ ਇਹ ਬਹੁਤ ਵਧ ਜਾਂਦਾ ਹੈ ਤਾਂ ਸ਼ਰੀਰ ਤੋਂ ਤੁਚਾ ਪਾੜਕੇ ਬਾਹਰ ਆਉਂਦਾ ਹੈ. ਪਹਿਲਾਂ ਅਚਾਨਕ ਹੀ ਸੋਜ ਹੋ ਜਾਂਦੀ ਹੈ. ਫੁਨਸੀ ਪੈਦਾ ਹੋਕੇ ਘਾਉ ਵਿੱਚੋਂ ਧਾਗੇ ਜੇਹਾ ਜੀਵ ਨਿਕਲਦਾ ਹੈ. ਜੇ ਇਹ ਸਾਰਾ ਬਾਹਰ ਆਜਾਵੇ ਤਾਂ ਆਰਾਮ ਹੋ ਜਾਂਦਾ ਹੈ, ਜੇ ਟੁੱਟ ਜਾਵੇ ਤਾਂ ਭਾਰੀ ਦੁਖ ਦਿੰਦਾ ਹੈ. ਬਲੀ (ਰਾਜਪੂਤਾਨੇ ਵੱਲ ਦੇ ਦੇਸ਼ਾਂ) ਵਿੱਚ ਇਹ ਰੋਗ ਬਹੁਤ ਹੁੰਦਾ ਹੈ. ਜੋ ਲੋਕ ਦਾਲ ਭਾਜੀ ਵਿੱਚ ਹਿੰਗ ਵਰਤਦੇ ਹਨ, ਉਨ੍ਹਾਂ ਨੂੰ ਨਾਰਵਾ ਦੁਖ ਨਹੀਂ ਦਿੰਦਾ. ਇਸ ਰੋਗ ਦੇ ਸਾਧਾਰਣ ਇਲਾਜ ਇਹ ਹਨ- ਭੁੰਨੇ ਜੌਂ ਦੇ ਆਟੇ ਨੂੰ ਲੱਸੀ ਵਿੱਚ ਰਿੰਨ੍ਹਕੇ ਲੁੱਪਰੀ ਬਣਾਕੇ ਬੰਨ੍ਹਣਾ. ਠੰਢੇ ਜਲ ਵਿੱਚ ਇੱਕ ਰੱਤੀ ਹਿੰਗ ਘੋਲਕੇ ਪੀਣੀ. ਕਿੱਕਰ ਦੇ ਬੀਜ ਜਲ ਵਿੱਚ ਪੀਸਕੇ ਲੇਪ ਕਰਨਾ. ਤਿੰਨ ਦਿਨ ਗਊ ਦਾ ਘੀ ਪੀਕੇ ਫੇਰ ਤਿੰਨ ਦਿਨ ਸੰਭਾਲੂ ਦੇ ਪੱਤਿਆਂ ਦਾ ਰਸ ਪੀਣਾ. ਅਸਗੰਧ ਨਾਲ ਪਕਾਇਆ ਘੀ ਵਰਤਣਾ. ਇਸ਼ਕਪੇਚੇ (ਕਾਲੇ ਦਾਣੇ) ਦੇ ਬੀਜ ਪਾਣੀ ਵਿੱਚ ਪੀਸਕੇ ਤਿਲਾਂ ਦੇ ਤੇਲ ਵਿੱਚ ਜੋਸ਼ ਦੇਕੇ ਗਰਮ ਗਰਮ ਨਾਰਵੇ ਤੇ ਬੰਨ੍ਹਣੇ, ਠੰਢੇ ਜਲ ਵਿੱਚ ਕੁਚਲਾ ਘਸਾਕੇ ਲੇਪ ਕਰਨਾ. ਮਿੱਠੇ ਤੇਲ ਨਾਲ ਚੋਪੜਕੇ ਅੱਕ ਦੇ ਪੱਤੇ ਜਾਂ ਧਤੂਰੇ ਦੇ ਪੱਤੇ ਬੰਨ੍ਹਣੇ.
ਸਰੋਤ: ਮਹਾਨਕੋਸ਼