ਪਰਿਭਾਸ਼ਾ
ਇਹ ਅਲਮਸਤ ਉਦਾਸੀ ਸਾਧੁ ਦਾ ਛੋਟਾ ਚੇਲਾ ਖੁਲਾਸਾ ਫਕੀਰ ਸੀ. ਗੁਰੂ ਹਰਿਰਾਇ ਸਾਹਿਬ ਜੀ ਦੇ ਹੁਕਮ ਨਾਲ ਢਾਕੇ ਵਿੱਚ ਸਿੱਖ ਧਰਮ ਦੇ ਪ੍ਰਚਾਰ ਦਾ ਕੰਮ ਕਰਦਾ ਸੀ ਅਤੇ ਸਤਿਗੁਰਾਂ ਲਈ ਢਾਕੇ ਦੀ ਮਲਮਲ ਉੱਤਮ ਬਣਵਾਕੇ ਭੇਜਿਆ ਕਰਦਾ ਸੀ. ਜਦ ਨੌਵੇਂ ਸਤਿਗੁਰੂ ਢਾਕੇ ਗਏ ਤਦ ਇਹ ਸੇਵਾ ਵਿੱਚ ਹਾਜਿਰ ਰਿਹਾ. "ਭਾਈ ਨੱਥਾ ਭਾਖਹਿਂ ਨਾਮ। ਢਾਕੇ ਬਿਖੇ ਬਸਹਿ ਸੁਭ ਧਾਮ." (ਗੁਪ੍ਰਸੂ)#ਭਾਈ ਨੱਥਾ ਜੀ ਦਾ ਨਾਮ ਨੱਥਾਰਾਮ ਭੀ ਹੈ. ਉਦਾਸੀ ਸੰਤਾਂ ਵਿੱਚ ਨੱਥਾਰਾਮ ਜੀ ਦੀ ਮਾਤ੍ਰਾ ਪ੍ਰੇਮ ਨਾਲ ਪੜ੍ਹੀ ਜਾਂਦੀ ਹੈ. ਮਾਤ੍ਰਾ ਦਾ ਕੁਝ ਪਾਠ ਇਹ ਹੈ:-#"ਓਅੰ ਗੁਰੂ ਜੀ ਦੰਘ ਜਗੋਟਾ ਕਮਰ ਜੰਜੀਰ। ਖੌਫ ਕੀ ਖਫਨੀ ਸੁਰਤ ਕੇ ਤੀਰ। ਐਸਾ ਜੋਗੀ ਕਭੀ ਨ ਆਇਆ। ਊਚੇ ਚੜ੍ਹਕੇ ਨਾਦ ਬਜਾਇਆ। ਕਮਰ ਕਛੋਟੀ ਕਸਕਰ ਧਾਰਾ। ਬਿੰਦੂਆ ਭਾਵ ਨ ਸੁਪਨੇ ਡਾਰਾ। ਸੰਜਮ ਕਰ ਅਤਿ ਜਪ ਤਪ ਕੀਨਾ। ਸਿੱਧ ਭਏ ਪਰਮਾਤਮ ਚੀਨਾ। ਜਟਾ ਮੁਕਤਿ ਸਮ ਥਿਗਲੀ ਧਾਰੀ। ਗੁਰੂ ਕੀ ਆਗ੍ਯਾ ਲਗੀ ਪਿਆਰੀ। ××× ਸਤਿਗੁਰ ਜੀ ਜਬ ਆਗ੍ਯਾ ਦੀਨਾ। ਢਾਕਾ ਦੇਸ਼ ਰਵਾਨਾ ਕੀਨਾ। ਨਿਸ ਦਿਨ ਰਹੋਂ ਨਾਮ ਲਿਵ ਲਾਈ। ਨੌਵਸ ਗੁਰ ਕੇ ਦਰਸਨ ਪਾਈ." ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਭਾਈ ਅਬਦੁੱਲਾ ਨਾਲ ਮਿਲਕੇ ਜੰਗ ਦੀਆਂ ਵਾਰਾਂ ਗਾਉਣ ਵਾਲਾ ਢਾਡੀ.
ਸਰੋਤ: ਮਹਾਨਕੋਸ਼