ਪਰਿਭਾਸ਼ਾ
ਵਿ- ਬਹੁਤ ਹੋਵੇ ਦ੍ਯੁਮ੍ਨ (ਬਲ) ਜਿਸ ਵਿੱਚ. ਮਹਾ ਬਲੀ। ੨. ਸੰਗ੍ਯਾ- ਕਾਮ. ਅਨੰਗ, ਜੋ ਬਲਵਾਨਾਂ ਨੂੰ ਭੀ ਜਿੱਤ ਲੈਂਦਾ ਹੈ। ੩. ਕ੍ਰਿਸਨ ਜੀ ਦਾ ਪੁਤ੍ਰ, ਜੋ ਰੁਕਮਿਣੀ ਦੇ ਉਦਰ ਤੋਂ ਜਨਮਿਆ. ਜਦ ਇਹ ਛੀ ਦਿਨਾਂ ਦਾ ਹੋਇਆ, ਤਦ ਇਸ ਨੂੰ ਸੰਬਰ ਦੈਤ ਚੁਰਾਕੇ ਲੈ ਗਿਆ ਅਤੇ ਸਮੁੰਦਰ ਵਿੱਚ ਸਿੱਟ ਦਿੱਤਾ, ਉੱਥੇ ਇੱਕ ਮੱਛੀ ਇਸ ਨੂੰ ਨਿਗਲ ਗਈ. ਮਾਹੀਗੀਰ ਨੇ ਉਹ ਮੱਛੀ ਫੜ ਲਿਆਂਦੀ ਅਤੇ ਸੰਬਰ ਦੈਤ ਦੇ ਲੰਗਰਖਾਨੇ ਦੇ ਦਿੱਤੀ. ਜਦ ਮੱਛੀ ਦਾ ਪੇਟ ਚਾਕ ਕੀਤਾ ਤਾਂ ਵਿੱਚੋਂ ਇੱਕ ਸੁੰਦਰ ਬਾਲਕ ਨਿਕਲਿਆ, ਜਿਸ ਨੂੰ ਸੰਬਰ ਦੀ ਦਾਸੀ ਮਾਯਾਵਤੀ ਨੇ ਆਪਣੇ ਪਾਸ ਰੱਖਿਆ. ਨਾਰਦ ਰਿਖੀ ਨੇ ਮਾਯਾਵਤੀ ਨੂੰ ਦੱਸ ਦਿੱਤਾ ਕਿ ਇਹ ਬਾਲਕ ਕੌਣ ਹੈ, ਇਸ ਕਰਕੇ ਗੋੱਲੀ ਨੇ ਬਾਲਕ ਦੀ ਪੂਰੀ ਪੂਰੀ ਰਖਵਾਲੀ ਕੀਤੀ. ਜਦ ਇਹ ਜੁਆਨ ਹੋਇਆ ਤਾਂ ਮਾਯਾਵਤੀ ਇਸ ਪੁਰ ਮੋਹਿਤ ਹੋ ਗਈ ਅਤੇ ਇਸ ਨੂੰ ਸੰਬਰ ਦਾ ਸਾਰਾ ਹਾਲ ਸੁਣਾਇਆ. ਇਸ ਪੁਰ ਪ੍ਰਦ੍ਯੁਮਨ ਨੇ ਸੰਬਰ ਨਾਲ ਘੋਰ ਯੁੱਧ ਕੀਤਾ ਅਤੇ ਉਸ ਨੂੰ ਮਾਰਕੇ ਮਾਯਾਵਤੀ ਦੇ ਨਾਲ ਹਵਾ ਵਿੱਚ ਉਡਕੇ ਆਪਣੇ ਪਿਤਾ ਦੇ ਮਹਿਲਾਂ ਵਿੱਚ ਦ੍ਵਾਰਿਕਾ ਜਾ ਪੁੱਜਾ. ਹਰਿਵੰਸ਼ ਆਦਿਕ ਗ੍ਰੰਥਾਂ ਦਾ ਮਤ ਹੈ ਕਿ ਕਾਮਦੇਵ ਹੀ ਪ੍ਰਦ੍ਯੁਮਨ ਰੂਪ ਧਾਰਕੇ ਜਨਮਿਆ ਸੀ.
ਸਰੋਤ: ਮਹਾਨਕੋਸ਼