ਪਹਿਲਾ ਪੂਤੁ ਪਿਛੈਰੀ ਮਾਈ
pahilaa pootu pichhairee maaee/pahilā pūtu pichhairī māī

ਪਰਿਭਾਸ਼ਾ

ਆਸਾ ਰਾਗ ਵਿੱਚ ਕਬੀਰ ਜੀ ਦਾ ਸ਼ਬਦ ਹੈ-#੧. ਪਹਿਲਾ ਪੂਤੁ ਪਿਛੈਰੀ ਮਾਈ,#੨. ਗੁਰੁ ਲਾਗੋ ਚੇਲੇ ਕੀ ਪਾਈ, ×××#੩. ਦੇਖਤ ਸਿੰਘੁ ਚਰਾਵਤ ਗਾਈ,#੪. ਜਲ ਕੀ ਮਛੁਲੀ ਤਰਵਰਿ ਬਿਆਈ,#੫. ਦੇਖਤ ਕੁਤਰਾ ਲੈ ਗਈ ਬਿਲਾਈ,#੬. ਤਲੇ ਰੇਬੈਸਾ ਊਪਰਿ ਸੂਲਾ,#੭. ਤਿਸ ਕੈ ਪੇਡਿ ਲਗੇ ਫਲ ਫੂਲਾ,#੮. ਘੋਰੈ ਚਰਿ ਭੈਸ ਚਰਾਵਨ ਜਾਈ,#੯. ਬਾਹਰਿ ਬੈਲੁ ਗੋਨਿ ਘਰਿ ਆਈ. ×××#ਇਸ ਸ਼ਬਦ ਦਾ ਭਾਵ ਇਹ ਹੈ-#੧. ਬ੍ਰਹਮ ਦੀ ਅੰਸ਼ ਹੋਣ ਕਰਕੇ ਜੀਵਰੂਪ ਪੁਤ੍ਰ ਪਹਿਲਾਂ ਹੈ ਅਤੇ ਮਾਯਾ ਪਿੱਛੋਂ ਵਿਸ੍ਤਾਰ ਨੂੰ ਪ੍ਰਾਪਤ ਹੋਈ।#੨. ਜੀਵਾਤਮਾ ਗੁਰੂ ਹੈ, ਮਨ ਚੇਲੇ ਦੇ ਪਿੱਛੇ ਲਗਦਾ ਹੈ।#੩. ਸ਼ੇਰਰੂਪ ਜੀਵ ਨੂੰ ਗਾਇਰੂਪ ਇੰਦ੍ਰੀਆਂ ਪ੍ਰੇਰਦੀਆਂ ਹਨ।#੪. ਆਤਮਾਨੰਦ ਰੂਪ ਸਮੁੰਦਰ ਦਾ ਆਨੰਦ ਲੈਣ ਵਾਲੀ ਮੱਛੀਰੂਪ ਬੁੱਧੀ, ਦੇਹਾਭਿਮਾਨੀ ਰੂਪ ਬਿਰਛ ਪੁਰ ਸੰਕਲਪ ਪੈਦਾ ਕਰਦੀ ਹੈ।#੫. ਸ੍ਵਾਮਿਸੇਵਾਰੂਪ ਕੁੱਤੇ ਨੂੰ ਪਾਖੰਡਕ੍ਰਿਯਾਰੂਪ ਬਿੱਲੀ ਝਪਟਕੇ ਲੈ ਗਈ।#੬. ਸੰਸਾਰ ਬਿਰਛ, ਜਿਸ ਦੀਆਂ ਵੱਲੀਆਂ (ਰੇਬੈਸਾ) ਹੇਠ ਨੂੰ ਹਨ, ਉਸ ਦਾ ਮੂਲਰੂਪ ਬ੍ਰਹਮ ਉੱਪਰ ਹੈ।#੭. ਮਾਯਾ ਸੰਯੁਕ੍ਤ ਬ੍ਰਹਮ ਨੂੰ ਸਾਰੇ ਫੱਲ ਫੁੱਲ ਲਗੇ ਹਨ।#੮. ਪ੍ਰਾਣਰੂਪ ਘੋੜੇ ਪੁਰ ਸਵਾਰ ਹੋਕੇ ਅੰਤਹਕਰਣ, ਇੰਦ੍ਰੀਰੂਪ ਭੈਂਸਾਂ ਨੂੰ ਵਿਸਿਆਂ ਵਿੱਚ ਪ੍ਰਵ੍ਰਿੱਤ ਕਰਦਾ ਹੈ।#੯. ਪੁਰੁਸਾਰਥਰੂਪ ਬੈਲ ਅਜੇ ਬਾਹਰ ਹੈ, ਪਰ ਖੱਟੀ (ਕਮਾਈ) ਦੀ ਵਾਸਨਾਰੂਪ ਗੂਣ ਪਹਿਲਾਂ ਹੀ ਮਨ ਵਿੱਚ ਆਗਈ ਹੈ.
ਸਰੋਤ: ਮਹਾਨਕੋਸ਼