ਪਰਿਭਾਸ਼ਾ
ਸੰਗ੍ਯਾ- ਪੈਰ ਅਟਕਾਇਆ ਜਾਵੇ ਜਿਸ ਵਿੱਚ, ਰਕਾਬ. ਪਾਂਵੜਾ। ੨. ਜੋੜਾ. ਜੁੱਤਾ। ੩. ਮਕਾਨ ਅੱਗੇ ਵਿਛਾਇਆ ਉਹ ਫ਼ਰਸ਼, ਜਿਸ ਪੁਰ ਸਨਮਾਨ ਯੋਗ੍ਯ ਪਰਾਹੁਣਾ ਪੈਰ ਰੱਖਕੇ ਆਵੇ. ਪਾਂਵੜਾ. "ਬੀਥਿਨ ਮੇ ਪਾਂਵਟੇ ਪਰਤ ਜਾਤ" (ਰਘੁਨਾਥ) ੪. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਨਾਹਨ ਤੋਂ ਕਿਆਰ ਦੂਨ ਵਿੱਚ ਜ਼ਮੀਨ ਲੈਕੇ ਸੰਮਤ ੧੭੪੨ ਵਿੱਚ ਜਮਨਾ ਦੇ ਕਿਨਾਰੇ ਇੱਕ ਕਿਲਾ ਬਣਾਇਆ, ਜਿਸ ਦਾ ਨਾਮ ਪਾਂਵਟਾ ਰੱਖਿਆ. ਭੰਗਾਣੀ ਦਾ ਜੰਗ ਇਸ ਕਿਲੇ ਵਿੱਚ ਰਹਿਣ ਸਮੇਂ ਹੀ ਹੋਇਆ ਸੀ, ਜਿਸ ਦਾ ਜਿਕਰ ਵਿਚਿਤ੍ਰ ਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਹੈ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-#"ਪਾਵ ਟਿਕ੍ਯੋ ਸਤਗੁਰੂ ਕੋ ਆਨਦਪੁਰ ਤੇ ਆਇ।#ਨਾਮ ਧਰ੍ਯੋ ਇਸ ਪਾਂਵਟਾ ਸਭ ਦੇਸਨ ਪ੍ਰਗਟਾਇ।।#(ਗੁਪ੍ਰਸੂ)#ਭਾਗਵਤ ਦੇ ਦਸਮ ਸਕੰਧ ਦਾ ਅਨੁਵਾਦ ਭੀ ਪਾਵਟੇ ਰਹਿਣ ਸਮੇਂ ਹੋਇਆ ਹੈ, ਯਥਾ-#"ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ,#ਅਵਰ ਵਾਸਨਾ ਨਾਹਿ ਪ੍ਰਭੁ ਧਰਮਜੁੱਧ ਕੇ ਚਾਇ,#ਸਤ੍ਰੈ ਸੈ ਪੈਤਾਲਿ ਮੇ ਸਾਵਨ ਸੁਦਿ ਤਿਥਿ ਦੀਪ,#ਨਗਰ ਪਾਂਵਟਾ ਸੁਭ ਕਰਨ ਸੁਮਨਾ ਬਹੈ ਸਮੀਪ."#(ਕ੍ਰਿਸਨਾਵ ੨੩੯੦)¹#ਪਾਂਵਟੇ ਦੇ ਆਸ ਪਾਸ ਸਤਿਗੁਰ ਦੇ ਵਿਰਾਜਣ ਦੇ ਚਾਰ ਅਸਥਾਨ ਹੋਰ ਭੀ ਹਨ, ਪਰ ਵਡਾ ਗੁਰਦ੍ਵਾਰਾ ਇੱਕੋ ਹੈ. ਇਸ ਨੂੰ ੧੨੫ ਰੁਪਯੇ ਸਾਲਾਨਾ ਰਿਆਸਤ ਪਟਿਆਲੇ ਤੋਂ, ੧੧੧ ਰੁਪਯੇ ਰਿਆਸਤ ਨਾਹਨ ਤੋਂ, ੨੫ ਰੁਪਯੇ ਰਿਆਸਤ ਬੂੜੀਏ ਤੋਂ, ੧੮. ਰੁਪਯੇ ਨਾਭੇ ਤੋ, ੭੨ ਰੁਪਯੇ ਰਿਆਸਤ ਕਲਸੀਆ ਤੋਂ, ੧੦. ਰੁਪਯੇ ਸਰਦਾਰ ਭਰੋਲੀ ਤੋਂ ਮਿਲਦੇ ਹਨ, ਅਰ ਚਾਰ ਸੌ ਪੱਚੀ ਵਿੱਘੇ ਜ਼ਮੀਨ ਰਿਆਸਤ ਨਾਹਨ ਵੱਲੋਂ ਮੁਆਫ ਹੈ. ਇੱਥੇ ਕਲਗੀਧਰ ਦੀ ਇੱਕ ਤਲਵਾਰ ਸੀ, ਜੋ ਹੁਣ ਰਾਜਾ ਸਾਹਿਬ ਨਾਹਨ ਪਾਸ ਹੈ. ਵੈਸਾਖੀ ਨੂੰ ਗੁਰਦ੍ਵਾਰੇ ਮੇਲਾ ਹੁੰਦਾ ਹੈ. ਇਹ ਅਸਥਾਨ ਰਿਆਸਤ ਨਾਹਨ, ਤਸੀਲ ਪਾਂਵਟਾ, ਥਾਣਾ ਮਾਜਰਾ ਵਿੱਚ ਹੈ. ਰੇਲਵੇ ਸਟੇਸ਼ਨ ਜਗਾਧਰੀ ਤੋਂ ੩੦ ਮੀਲ ਉੱਤਰ ਪੂਰਵ ਹੈ.
ਸਰੋਤ: ਮਹਾਨਕੋਸ਼