ਪਰਿਭਾਸ਼ਾ
ਰਿਆਸਤ ਮੰਡੀ ਦੀ ਰਾਜਧਾਨੀ (ਸ਼ਹਿਰ ਮੰਡੀ) ਤੋਂ ਦੱਖਣ ਵੱਲ ਅੱਧ ਮੀਲ ਦੇ ਕ਼ਰੀਬ ਸ਼੍ਰੀ ਗਰੂ ਗੋਬਿੰਦਸਿੰਘ ਜਾ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦੋਂ ਰਵਾਲਸਰ ਦੇ ਪਹਾੜਾਂ ਵਿੱਚ ਸੈਰ ਲਈ ਆਏ. ਤਾਂ "ਮੰਡੀ" ਦਾ ਰਾਜਾ ਗੁਰੂ ਜੀ ਨੂੰ ਆਪਣੇ ਸ਼ਹਿਰ ਲੈ ਆਇਆ. ਗੁਰੂ ਜੀ ਨੇ ਤਾਂ ਇੱਥੇ ਡੇਰਾ ਕੀਤਾ ਅਤੇ ਮਾਤਾ ਜੀ ਰਾਜੇ ਦੇ ਮਹਿਲਾਂ ਵਿੱਚ ਠਹਿਰੇ. ਗੁਰਦ੍ਵਾਰਾ ਬਣਿਆ ਹੋਇਆ ਹੈ. ਪਾਸ ਰਹਿਣ ਲਈ ਮਕਾਨ ਹਨ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ.#ਇਸ ਗੁਰਦ੍ਵਾਰੇ ਨਾਲ ੮੫) ਸਾਲਾਨਾ ਜਾਗੀਰ ਸਰਦਾਰ ਲਹਿਣਾ ਸਿੰਘ ਮਜੀਠੀਏ ਦੇ ਸਮੇਂ ਤੋਂ ਹੈ, ਜੋ ਇਸੀ ਰਿਆਸਤ (ਮੰਡੀ) ਦੇ ਪਿੰਡ ਬਲ੍ਹ ਤੋਂ ਮਿਲਦੀ ਹੈ. ਇੱਥੇ ਗੁਰੂ ਜੀ ਦੀਆਂ ਇਹ ਵਸਤਾਂ ਹਨ-#(੧) ਬੰਦੂਕ ਤੋੜੇਦਾਰ, ਜਿਸ ਦੀ ਲੰਬਾਈ ਕੁੰਦੇ ਸਮੇਤ ੭. ਫੁਟ ੪. ਇੰਚ ਹੈ.#(੨) ਸਣ ਦੀ ਸੂਤਲੀ ਦਾ ਉਣਿਆ ਹੋਇਆ ਪਲੰਘ, ਜਿਸ ਦੀ ਲੰਬਾਈ ੬. ਫੁਟ ੨. ਇੰਚ ਅਤੇ ਚੌੜਾਈ ੩. ਫੁਟ ੧੦. ਇੰਚ, ਉੱਚਾਈ ੨. ਫੁਟ ਹੈ.#(੩) ਰਬਾਬ, ਜੋ ੪. ਫੁਟ ਲੰਮਾ ਹੈ.#ਇੱਥੋਂ ਦੇ ਮਹੰਤ ਹਰਕਰਨਦਾਸ ਜੀ ਉਦਾਸੀ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਜੇਜੋਂ ਦੁਆਬਾ ਅਤੇ ਹੁਸ਼ਿਆਰਪੁਰ ਤੋਂ ੮੦- ੮੫ ਮੀਲ ਉੱਤਰ ਪੂਰਵ ਹੈ.
ਸਰੋਤ: ਮਹਾਨਕੋਸ਼