ਪਰਿਭਾਸ਼ਾ
ਸੰ. ਪਾਰਿਜਾਤ. ਸੰਗ੍ਯਾ- ਪਾਰਿ (ਸਮੁੰਦਰ) ਤੋਂ ਪੈਦਾ ਹੋਇਆ ਦੇਵਤਿਆਂ ਦਾ ਇੱਕ ਬਿਰਛ. ਪੁਰਾਣਕਥਾ ਹੈ ਕਿ ਸਮੁੰਦਰ ਰਿੜਕਣ ਸਮੇਂ ਏਹ ਦਰਖਤ ਨਿਕਲਿਆ ਅਤੇ ਇੰਦ੍ਰ ਨੂੰ ਦਿੱਤਾ ਗਿਆ. ਇੰਦ੍ਰ ਦੀ ਇਸਤ੍ਰੀ "ਸ਼ਚੀ" ਇਸ ਨੂੰ ਵਡਾ ਪਸੰਦ ਕਰਦੀ ਸੀ. ਜਦ ਕ੍ਰਿਸਨ ਜੀ ਇੰਦ੍ਰ ਨੂੰ ਮਿਲਣ ਲਈ ਸ੍ਵਰਗਲੋਕ ਗਏ, ਤਾਂ ਉਨ੍ਹਾਂ ਦੀ ਰਾਣੀ ਸਤ੍ਯਭਾਮਾ ਨੇ ਪਤਿ ਨੂੰ ਪਾਰਿਜਾਤ ਦ੍ਵਾਰਿਕਾ ਲੈ ਜਾਣ ਲਈ ਪ੍ਰੇਰਿਆ, ਜਿਸ ਤੋਂ ਇੰਦ੍ਰ ਅਤੇ ਕ੍ਰਿਸਨ ਜੀ ਦਾ ਘੋਰ ਯੁੱਧ ਹੋਇਆ. ਅੰਤ ਨੂੰ ਇੰਦ੍ਰ ਹਾਰ ਗਿਆ ਅਤੇ ਕ੍ਰਿਸਨ ਜੀ ਨੇ ਪਾਰਿਜਾਤ ਸਤ੍ਯਭਾਮਾ ਦੇ ਵੇਹੜੇ ਵਿੱਚ ਲਿਆਕੇ ਲਾ ਦਿੱਤਾ. ਕ੍ਰਿਸਨ ਜੀ ਦੇ ਦੇਹਾਂਤ ਪਿੱਛੋਂ ਇਹ ਬਿਰਛ ਆਪ ਹੀ ਇੰਦ੍ਰਲੋਕ ਨੂੰ ਚਲਾ ਗਿਆ. ਦੇਖੋ, ਸੁਰਤਰੁ. "ਪਾਰਜਾਤੁ ਗੋਪੀ ਲੈ ਆਇਆ." (ਵਾਰ ਆਸਾ) ਪਾਰਜਾਤੁ ਇਹ ਹਰਿ ਕੋ ਨਾਮ." (ਸੁਖਮਨੀ) ੨. ਮੂੰਗਾ। ੩. ਤੂੰਬਾ। ੪. ਭਾਵ- ਪਾਰਬ੍ਰਹਮ. ਕਰਤਾਰ. "ਪਾਰਜਾਤੁ ਘਰਿ ਆਗਨਿ ਮੇਰੈ." (ਗੁਜੂ ਅਃ ਮਃ ੧)
ਸਰੋਤ: ਮਹਾਨਕੋਸ਼