ਪਰਿਭਾਸ਼ਾ
ਸੰ. ਪਾਰ੍ਸ਼੍ਵਨਾਥ. ਇਕ੍ਸ਼੍ਵਾਕੁਵੰਸ਼ੀ ਰਾਜਾ ਅਸ਼੍ਵਸੇਨ ਵਾਰਾਣਸੀਪਤਿ ਦਾ, ਵਾਮਾ ਰਾਣੀ ਦੇ ਉਦਰੋਂ ਪੈਦਾ ਹੋਇਆ ਪੁਤ੍ਰ. ਵਾਮਾਦੇਵੀ ਨੇ ਗਰਭ ਸਮੇਂ ਇੱਕ ਵਾਰ ਆਪਣੇ ਪਾਰ੍ਸ਼੍ਵ (ਕੋਲ) ਸਰਪ ਦੇਖਿਆ ਅਤੇ ਬਾਲਕ ਦੇ ਸ਼ਰੀਰ ਪੁਰ ਸਰਪ ਦਾ ਚਿੰਨ੍ਹ ਸੀ, ਇਸ ਲਈ ਨਾਮ ਪਾਰ੍ਸ਼੍ਵਨਾਥ ਰੱਖਿਆ. ਇਸ ਦਾ ਵਿਆਹ ਕੁਸ਼ਸ੍ਥਾਨ ਦੇ ਰਾਜਾ ਪ੍ਰਸੇਨਜਿਤ ਦੀ ਪੁਤ੍ਰੀ ਪ੍ਰਭਾਵਤੀ ਨਾਲ ਹੋਇਆ. ਇਹ ਵਡਾ ਪ੍ਰਤਾਪੀ ਅਤੇ ਉਦਾਰਾਤਮਾ ਹੋਇਆ ਹੈ. ਇੱਕ ਵਾਰ ਜੀਵ ਹਿੰਸਾ ਤੋਂ ਗਿਲਾਨੀ ਹੋਣ ਪੁਰ ਇਹ ਜੈਨ ਧਰਮੀ ਹੋ ਗਿਆ ਅਰ ਤਪ ਦੇ ਬਲ ਨਾਲ ਤੇਈਹਵਾਂ ਤੀਰਥੰਕਰ ਬਣਿਆ. ਦੇਖੋ, ਤੀਰਥੰਕਰ.#ਪਾਰਸਨਾਥ ਦਾ ਜਨਮ ਪੋਹ ਬਦੀ ੧੦. ਅਤੇ ਦੇਹਾਂਤ ਸਾਵਣ ਸੁਦੀ ਅਸ੍ਟਮੀ ਨੂੰ ਹੋਇਆ ਸੀ. ਇਸ ਦਾ ਸਮਾਂ ਵਿਦ੍ਵਾਨਾਂ ਨੇ ਸਨ ਈਸਵੀ ਤੋਂ ੫੯੯ ਵਰ੍ਹੇ ਪਹਿਲਾਂ ਮੰਨਿਆ ਹੈ। ੨. ਬੰਗਾਲ ਦੇ ਹਜ਼ਾਰੀਬਾਗ ਜਿਲੇ ਵਿੱਚ ਇੱਕ ਪਹਾੜੀ ਅਤੇ ਉਸ ਦਾ ਪ੍ਰਸਿੱਧ ਜੈਨ ਮੰਦਿਰ, ਜਿੱਥੇ ਪਾਰਸਨਾਥ ਨੇ, ਸ਼ਰੀਰ ਤਿਆਗਿਆ ਹੈ। ੩. ਦਸ਼ਮਗ੍ਰੰਥ ਵਿੱਚ ਪਾਰਸਨਾਥ ਨੂੰ ਸ਼ਿਵ ਦਾ ਅਵਤਾਰ ਲਿਖਿਆ ਹੈ, ਇਸ ਨੇ ਦੱਤਾਤ੍ਰੇਯ ਦਾ ਮਤ ਦੂਰ ਕਰਕੇ ਆਪਣਾ ਮਤ ਜਗਤ ਵਿੱਚ ਚਲਾਇਆ. "ਪਾਰਸਨਾਥ ਬਡੋ ਰਣ ਪਾਰ੍ਯੋ। ਆਪਨ ਪ੍ਰਚੁਰ ਜਗਤ ਮਤ ਕੀਨਾ, ਦੇਵਦੱਤ ਕੋ ਟਾਰ੍ਯੋ." (ਪਾਰਸਾਵ)
ਸਰੋਤ: ਮਹਾਨਕੋਸ਼