ਫਗਵਾੜਾ
dhagavaarhaa/phagavārhā

ਪਰਿਭਾਸ਼ਾ

ਰਿਆਸਤ ਕਪੂਰਥਲਾ ਵਿੱਚ ਇਹ ਵਡਾ ਪੁਰਾਣਾ ਸ਼ਹਿਰ ਹੈ, ਜੋ ਸ਼ਾਹੀ ਸੜਕ ਅਤੇ ਨਾਰਥ ਵੈਸਟ੍ਰਨ ਰੇਲਵੇ ਤੇ ਹੈ. ਇਹ ਅੰਮ੍ਰਿਤਸਰ ਤੋਂ ੬੨ ਮੀਲ ਹੈ. ਇੱਥੇ ਦੋ ਗੁਰਦ੍ਵਾਰੇ ਹਨ:-#(੧) ਬਾਂਸਾਂ ਵਾਲੇ ਦਰਵਾਜ਼ੇ ਭੈਰੋ ਦੇ ਮੰਦਿਰ ਪਾਸ ਸ੍ਰੀ ਗੁਰੂ ਹਰਿਰਾਇ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਕਰਤਾਰਪੁਰੋਂ ਕੀਰਤਪੁਰ ਜਾਂਦੇ ਇੱਥੇ ਠਹਿਰੇ ਹਨ. ਛੋਟਾ ਜੇਹਾ ਗੁਰਦ੍ਵਾਰਾ ਬਾਜ਼ਾਰ ਨਾਲ ਬਣਿਆ ਹੋਇਆ ਹੈ. ਪੁਜਾਰੀ ਉਦਾਸੀ ਹੈ.#(੨) ਸੁਖਚੈਨਆਣਾ. ਸ਼ਹਰ ਤੋਂ ਡੇਢ ਮੀਲ ਦੇ ਕਰੀਬ ਪੂਰਵ, ਸ਼੍ਰੀ ਗੁਰੂ ਹੀਰਗੋਬਿੰਦ ਜੀ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਇੱਕੋ ਅਸਥਾਨ ਹੈ. ਗੁਰਦ੍ਵਾਰਾ ਛੋਟਾ ਜੇਹਾ ਬਣਿਆ ਹੋਇਆ ਹੈ. ਪੱਕਾ ਸੇਵਾਦਾਰ ਕੋਈ ਨਹੀਂ. ਗੁਰਦ੍ਵਾਰੇ ਨਾਲ ੩. ਘਮਾਉਂ ਜ਼ਮੀਨ ਰਿਆਸਤ ਕਪੂਰਥਲੇ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਫਗਵਾੜਾ ਤੋਂ ਦੋ ਮੀਲ ਉੱਤਰ ਪੂਰਵ ਹੈ.
ਸਰੋਤ: ਮਹਾਨਕੋਸ਼