ਪਰਿਭਾਸ਼ਾ
ਸੰ. श्लीपद. ਇੱਕ ਰੋਗ, ਜਿਸ ਕਰਕੇ ਪੈਰ ਹਾਥੀ ਦੇ ਪੈਰ ਜੇਹੇ ਭਾਰੀ ਹੋ ਜਾਂਦੇ ਹਨ. [داءُالفیِل] ਦਾਯਉਲਫ਼ੀਲ. ਪੀਲਪਾਦ. Elephantiasis "ਫੀਲਪਾਵ ਪੁਨ ਜਾਨੂ ਰੋਗਾ." (ਚਰਿਤ੍ਰ ੪੦੫) ਵਰਖਾ ਦੇ ਜਮਾ ਹੋਏ ਮੈਲੇ ਸੜੇ ਪਾਣੀ ਵਰਤਣ, ਸਲ੍ਹਾਬ ਵਾਲੇ ਠੰਢੇ ਦੇਸ਼ਾਂ ਵਿੱਚ ਨੰਗੇ ਪੈਰੀਂ ਫਿਰਨ, ਬਿਸਤਰੇ ਤੇ ਬਹੁਤਾ ਸਮਾਂ ਲੇਟਣ, ਲਹੂ ਦੇ ਸੜ ਉੱਠਣ ਆਦਿਕ ਤੋਂ ਇਹ ਰੋਗ ਪੈਦਾ ਹੁੰਦਾ ਹੈ. ਇੱਕ, ਕਦੇ ਦੋਵੇਂ ਲੱਤਾਂ ਭਾਰੀ, ਅਤੇ ਪੈਰ ਹਾਥੀ ਦੇ ਪੈਰ ਸਮਾਨ ਹੋ ਜਾਂਦੇ ਹਨ.#ਇਸ ਰੋਗ ਵਿੱਚ ਲੰਘਨ, ਪਸੀਨਾ, ਵਮਨ, ਜੁਲਾਬ, ਅਤੇ ਯੋਗ੍ਯ ਰੀਤਿ ਨਾਲ ਲਹੂ ਕੱਢਣਾ ਆਦਿਕ ਗੁਣਕਾਰੀ ਹਨ.#ਫੀਲਪਾਵ ਦੇ ਸਾਧਾਰਣ ਇਲਾਜ ਇਹ ਹਨ-#ਇਟਸਿਟ, ਹਰੜ, ਬਹੇੜਾ, ਆਉਲਾ, ਮਘਾਂ, ਸਮਾਨ ਲੈਕੇ ਚੂਰਨ ਕਰਨਾ. ਛੀ ਮਾਸ਼ੇ ਚੂਰਨ ਨਾਲ ਛੀ ਮਾਸ਼ੇ ਸ਼ਹਿਦ ਮਿਲਾਕੇ ਚੱਟਣਾ. ਧਤੂਰਾ ਇਰੰਡ ਸੰਭਾਲੂ, ਇਟਸਿਟ ਸੁਹਾਂਜਣਾ ਸਰ੍ਹੋਂ ਨੂੰ ਪੀਹਕੇ ਲੇਪ ਕਰਨਾ. ਨਿੰਮ ਦੇ ਪੱਤੇ, ਭੰਗ, ਅਕਾਸਬੇਲ ਰਗੜਕੇ ਲੱਤ ਅਤੇ ਪੈਰ ਤੇ ਬੰਨ੍ਹਣੇ ਆਦਿ.
ਸਰੋਤ: ਮਹਾਨਕੋਸ਼