ਪਰਿਭਾਸ਼ਾ
ਬਾਂਗਰ ਦੇ ਸੀਹਾਂ ਪਿੰਡ ਨਿਵਾਸੀ ਈਸ਼ਰਸਿੰਘ ਦਾ ਸੁਪੁਤ੍ਰ, ਜਿਸ ਦਾ ਜਨਮ ਕਰੀਬ ਸੰਮਤ ੧੮੧੮ ਦੇ ਹੋਇਆ. ਬਾਬਾ ਨਰੈਣਸਿੰਘ (ਨੈਣਾਸਿੰਘ) ਸ਼ਹੀਦਾਂ ਦੀ ਮਿਸਲ ਦੇ ਰਤਨ ਰੂਪ ਨਿਹੰਗਸਿੰਘ ਤੋਂ ਅਮ੍ਰਿਤ ਛਕਕੇ ਨਾਮ ਫੂਲਾਸਿੰਘ ਧਾਰਨ ਕੀਤਾ. ਇਹ ਸਤਿਗੁਰੂ ਦੇ ਅਕਾਲੀਬਾਗ ਦਾ ਸੁੰਦਰ ਅਤੇ ਸੁਗੰਧ ਭਰਿਆ ਫੁੱਲ ਸੀ. ਫੂਲਾਸਿੰਘ ਨੇ ਆਪਣੇ ਸ਼ੁਭ ਗੁਣਾਂ ਦੇ ਪ੍ਰਭਾਵ ਕਰਕੇ ਅਕਾਲੀਦਲ ਨੂੰ ਆਪਣੇ ਪਿੱਛੇ ਲਾਕੇ ਗੁਰਦ੍ਵਾਰਿਆਂ ਅਤੇ ਕੌਮ ਦੀ ਭਾਰੀ ਸੇਵਾ ਕੀਤੀ, ਭਾਵੇਂ ਆਪ ਆਨੰਦਪੁਰ ਦਮਦਮੇ ਆਦਿਕ ਗੁਰਧਾਮਾਂ ਦੇ ਸੁਧਾਰ ਲਈ ਯਾਤ੍ਰਾ ਕਰਦੇ ਰਹਿਂਦੇ ਸਨ, ਪਰ ਨਿਵਾਸ ਅਸਥਾਨ ਅਮ੍ਰਿਤਸਰ ਜੀ ਸੀ, ਜਿਸ ਥਾਂ ਆਪ ਦੇ ਨਾਮ ਦਾ ਬੁਰਜ ਅਤੇ ਆਪ ਦੇ ਜਥੇ ਦੀ ਛਾਉਣੀ¹ ਹੁਣ ਭੀ ਪ੍ਰਸਿੱਧ ਹੈ.²#ਅਕਾਲੀ ਜੀ ਨੇ ਮਹਾਰਾਜਾ ਰਣਜੀਤਸਿੰਘ ਦੀ ਅਨੇਕ ਜੰਗਾਂ ਵਿੱਚ ਸਹਾਇਤਾ ਕਰਕੇ ਵਿਜੈ ਪ੍ਰਾਪਤ ਕੀਤੀ. ਖਾਲਸਾ ਨਿਯਮਾਂ ਦੀ ਰਾਖੀ ਲਈ ਨਿਧੜਕਤਾ ਅਜੇਹੀ ਸੀ ਕਿ ਆਪ ਨੇ ਕਈ ਵਾਰ ਮਹਾਰਾਜਾ ਰਣਜੀਤਸਿੰਘ ਨੂੰ ਦਿਵਾਨ ਵਿੱਚ ਖੜਾ ਕਰਕੇ ਤਨਖਾਹ ਲਗਾਈ.#੧੪ ਮਾਰਚ ਸਨ ੧੮੨੩ (੧ ਚੇਤ ਸੰਮਤ ੧੮੭੯) ਨੂੰ ਸਰਹੱਦੀ ਗਾਜੀ ਅਤੇ ਮੁਲਖੈਯੇ ਦੀ "ਤਰਕੀ" ਨਾਮਕ ਜੰਗਭੂਮੀ ਦੀ ਭਾਰੀ ਲੜਾਈ ਵਿੱਚ ਖਾਲਸਾਦਲ ਦੀ ਸਹਾਇਤਾ ਕਰਦੇ ਹੋਏ ਜੰਗ ਫਤੇ ਕਰਕੇ ਵਡੀ ਵੀਰਤਾ ਨਾਲ ਫੂਲਸਿੰਘ ਜੀ ਸ਼ਹੀਦ ਹੋਏ. + ਆਪ ਦਾ ਸ਼ਹੀਦਗੰਜ ਲੁੰਡੇ ਦਰਿਆ ਦੇ ਕਿਨਾਰੇ ਨੁਸ਼ਹਿਰੇ ਤੋਂ ਚਾਰ ਮੀਲ ਪੂਰਵ ਵਿਦ੍ਯਮਾਨ ਹੈ, ਜਿੱਥੇ ਅਨੇਕ ਅਕਾਲੀ ਨਿਵਾਸ ਕਰਦੇ ਹਨ ਅਰ ਲੰਗਰ ਲਈ ਸਿੰਘਸਾਹਿਬ ਦੀ ਲਗਾਈ ਹੋਈ ਜਾਗੀਰ ਜਾਰੀ ਹੈ. ਇੱਥੇ ਹਰ ਸਾਲ ਵੈਸਾਖੀ ਅਤੇ ਦਸ਼ਹਿਰੇ ਦਾ ਮੇਲਾ ਹੁੰਦਾ ਹੈ.#ਅਕਾਲੀ ਜੀ ਗ੍ਰਿਹਸਥੀ ਨਹੀਂ ਸਨ, ਪਰ ਉਨ੍ਹਾਂ ਦੇ ਛੋਟੇ ਭਾਈ ਸੰਤਸਿੰਘ ਦੀ ਔਲਾਦ ਹੁਣ ਤਰਨ- ਤਾਰਨ ਆਬਾਦ ਹੈ.#ਅਕਾਲੀ ਫੂਲਾਸਿੰਘ ਜੀ ਦੇ ਅੰਗੀਠੇ ਦੇ ਮਹੰਤ ਨੇ ਕੁਝ ਜ਼ਮੀਨ ਵੇਚਨ ਦਾ ਯਤਨ ਕੀਤਾ, ਜਿਸ ਤੋਂ ਸਨ ੧੯੧੬ ਵਿੱਚ ਮਹੰਤ ਤੇ ਸਿੱਖਾਂ ਨੇ ਦਾਵਾ ਕੀਤਾ. ੧੮. ਜੁਲਾਈ ਸਨ ੧੯੧੮ ਨੂੰ ਮੁਕਦਮੇਂ ਦਾ ਫੈਸਲਾ ਹੋਇਆ, ਜਿਸ ਨਾਲ ਮਹੰਤ ਹਟਾਇਆ ਗਿਆ ਅਤੇ ਸ਼ਹੀਦਗੰਜ ਦੇ ਪ੍ਰਬੰਧ ਲਈ ਕਮੇਟੀ ਬਣਾਈ ਗਈ.
ਸਰੋਤ: ਮਹਾਨਕੋਸ਼