ਪਰਿਭਾਸ਼ਾ
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਪਰਮ ਪ੍ਰਤਾਪੀ ਮਿਸਲ, ਜਿਸ ਦਾ ਮੁਖੀਆ ਬਾਬਾ ਫੂਲ ਹੋਇਆ. ਇਸ ਮਿਸਲ ਵਿੱਚ ਤਿੰਨ ਸਿੱਖ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ (ਸੰਗਰੂਰ) ਹਨ, ਜਿਨ੍ਹਾਂ ਦੀ ਸੰਗ੍ਯਾ ਫੂਲਕੀਆਂ ਰਿਆਸਤਾਂ (Phulkian States) ਹੈ. ਇਹ ਰਿਆਸਤਾਂ ਮਈ ਸਨ ੧੮੦੯ ਵਿੱਚ ਅੰਗ੍ਰੇਜ਼ੀ ਸਰਕਾਰ ਦੀ ਰਖ੍ਯਾ ਅੰਦਰ ਆਈਆਂ ਹਨ, ਅਰ ੫. ਮਈ ਸਨ ੧੮੬੦ ਦੀ ਸਨਦ ਮੁਤਾਬਿਕ ਇਨਾਂ ਨੂੰ ਮੁਤਬੰਨਾ ਕਰਨ ਦਾ ਅਧਿਕਾਰ ਮਿਲਿਆ. ਜੇ ਬਿਨਾ ਔਲਾਦ ਅਤੇ ਮੁਤਬੰਨਾ ਕੀਤੇ ਕੋਈ ਰਈਸ ਗੁਜ਼ਰ ਜਾਵੇ, ਤਦ ਦੋ ਪੜੋਸੀ ਰਿਆਸਤਾਂ ਸਰਕਾਰ ਅੰਗ੍ਰੇਜ਼ੀ ਨਾਲ ਸੰਮਤੀ ਕਰਕੇ ਨਜ਼ਦੀਕੀ ਹੱਕਦਾਰ ਨੂੰ ਗੱਦੀ ਤੇ ਬੈਠਾ ਸਕਦੀਆਂ ਹਨ. ਉੱਪਰ ਦੱਸੀ ਸਨਦ ਅਨੁਸਾਰ ਇਨ੍ਹਾਂ ਰਿਆਸਤਾਂ ਨੂੰ ਪ੍ਰਮਾਣਦੰਡ ਦਾ ਪੂਰਾ ਅਧਿਕਾਰ ਹੈ ਅਤੇ ਰਿਆਸਤ ਦੇ ਅੰਦਰੂਨੀ ਮੁਆਮਲਿਆਂ ਵਿੱਚ ਗਵਰਨਮੈਂਟ ਬਰਤਾਨੀਆਂ ਦੀ ਮੁਦਾਖ਼ਲਤ ਨਹੀਂ ਹੈ. ਦੇਖੋ, ਫੂਲਵੰਸ਼.
ਸਰੋਤ: ਮਹਾਨਕੋਸ਼