ਪਰਿਭਾਸ਼ਾ
ਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ) ਤਸੀਲ ਮੁਕਤਸਰ, ਜਿਲਾ ਫਿਰੋਜਪੁਰ ਦੇ ਵਸਨੀਕ ਸਨ. ਇਹ ਫਿਰੋਜ਼ਪੁਰ ਦੇ ਹਾਕਿਮ ਦੇ ਖਜਾਨਚੀ ਸਨ. ਬਾਬਾ ਫੇਰੂ ਜੀ ਦਾ ਦੇਹਾਂਤ ਸੰਮਤ ੧੫੮੩ ਵਿੱਚ ਹੋਇਆ ਹੈ।#੩. ਭਾਈ ਫੇਰੂ. ਅੰਬਮਾੜੀ ਪਿੰਡ ਵਿੱਚ ਉੱਪਲ ਖਤ੍ਰੀ ਬਿੰਨੇ ਦੇ ਘਰ ਸੰਮਤ ੧੬੯੭ ਵਿੱਚ ਇਸ ਦਾ ਜਨਮ ਹੋਇਆ. ਮਾਪਿਆਂ ਨੇ ਨਾਉਂ ਸੰਗਤ ਰੱਖਿਆ. ਸੰਮਤ ੧੭੧੩ ਵਿੱਚ ਇਹ ਗੁਰੂ ਹਰਿਰਾਇ ਸਾਹਿਬ ਦਾ ਸਿੱਖ ਬਣਿਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਫੇਰੂ ਰੱਖਿਆ, ਕਿਉਂਕਿ ਇਹ ਵਪਾਰ ਲਈ ਫੇਰੀ ਪਾਉਂਦਾ ਸਤਿਗੁਰੂ ਦੀ ਸ਼ਰਣ ਆਇਆ ਸੀ. ਸਤਿਗੁਰੂ ਜੀ ਨੇ ਕੁਝ ਸਮੇਂ ਪਿੱਛੋਂ ਨੱਕੇ ਦਾ ਮਸੰਦ ਥਾਪਿਆ. ਜਦ ਮਸੰਦਾਂ ਦੀ ਮੰਦ ਕਰਨੀ ਪੁਰ ਦਸ਼ਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫੜਕੇ ਹਜੂਰ ਲਿਆਉਣ ਦਾ ਹੁਕਮ ਹੋਇਆ. ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵਡੀ ਨੰਮ੍ਰਤਾ ਨਾਲ ਹਾਜਰ ਹੋਇਆ, ਜਿਸ ਪੁਰ ਕਲਗੀਧਰ ਨੇ ਇਸ ਨੂੰ "ਸੱਚੀ ਦਾੜ੍ਹੀ" ਅਤੇ "ਸੰਗਤਸਾਹਿਬ" ਦਾ ਖਿਤਾਬ ਬਖਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ "ਸੰਗਤ ਸਾਹਿਬਕੇ" ਕਹਾਉਂਦੇ ਹਨ, ਅਰ ਛੋਟਾ ਅਖਾੜਾ ਇਸੇ ਸ਼ਾਖ਼ ਦਾ ਹੈ. ਦੇਖੋ, ਅਖਾੜਾ.#ਭਾਈ ਫੇਰੂ ਦਾ ਅਸਥਾਨ ਪਿੰਡ ਮੀਂਏ ਕੇ ਮੌੜ ਤਸੀਲ ਚੂਹਣੀਆਂ, ਜਿਲਾ ਲਹੌਰ ਵਿੱਚ ਪ੍ਰਸਿੱਧ ਹੈ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ੯. ਮੀਲ ਅਤੇ ਕੋਟ ਰਾਧਾਕਿਸਨ ਤੋਂ ਦਸ ਮੀਲ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਦੀ ਟੋਪੀ ਅਤੇ ਗੌਦੜੀ ਹੈ. ਇਸ ਗੁਰਦ੍ਵਾਰੇ ਨਾਲ ਇੱਥੇ ਅਤੇ ਕਈ ਪਿੰਡਾਂ ਵਿੱਚ ੧੧੦ ਮੁਰੱਬੇ ਦੇ ਕਰੀਬ ਜ਼ਮੀਨ ਅਤੇ ਪੰਜ ਹਜਾਰ ਸਾਲਾਨਾ ਜਾਗੀਰ ਹੈ.
ਸਰੋਤ: ਮਹਾਨਕੋਸ਼