ਪਰਿਭਾਸ਼ਾ
ਅਮ੍ਰਿਤਸਰ ਦੇ ਜਿਲੇ ਵਿੱਚ ਬ੍ਯਾਸ ਸਟੇਸ਼ਨ ਤੋਂ ਢਾਈ ਮੀਲ ਉੱਤਰ ਇੱਕ ਪਿੰਡ, ਜਿਸ ਵਿੱਚ ਗੁਰੂ ਤੇਗਬਹਾਦੁਰ ਸਾਹਿਬ ਆਪਣੀ ਮਾਤਾ ਨਾਨਕੀ ਜੀ ਸਮੇਤ ਚਿਰ ਤੀਕ ਰਹੇ ਹਨ. ਮੱਖਣਸ਼ਾਹ ਨੇ ਇੱਥੋਂ ਹੀ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ. ਜਿੱਥੇ ਗੁਰੂ ਸਾਹਿਬ ਨਿਵਾਸ ਕਰਦੇ ਸਨ, ਉਸ ਦਾ ਨਾਮ "ਭੋਰਾ ਸਾਹਿਬ" ਹੈ. ਜਿੱਥੇ ਗੁਰਗੱਦੀ ਪੁਰ ਵਿਰਾਜਕੇ ਦਰਸ਼ਨ ਦਿੱਤਾ ਹੈ ਉਹ ਅਸਥਾਨ "ਦਰਬਾਰ ਸਾਹਿਬ" ਕਰਕੇ ਪ੍ਰਸਿੱਧ ਹੈ.#ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਤਾ ਗੰਗਾ ਜੀ ਸਮੇਤ ਬਕਾਲੇ ਮਿਹਰੇ ਸਿੱਖ ਦੇ ਘਰ ਕੁਝ ਕਾਲ ਠਹਿਰੇ ਅਰ ੧੫. ਹਾੜ੍ਹ ਸੰਮਤ ੧੬੮੫ ਨੂੰ ਮਾਤਾ ਗੰਗਾ ਜੀ ਦਾ ਇਸੇ ਥਾਂ ਸ਼ਰੀਰ ਅੰਤ ਹੋਇਆ. ਦੇਹਰਾ ਛੋਟਾ ਜੇਹਾ ਖਾਲਸਾ ਹਾਈ ਸਕੂਲ ਪਾਸ ਹੈ.#ਧੀਰਮੱਲ ਨੇ ਗੁਰੂ ਸਾਹਿਬ ਪੁਰ ਜਿੱਥੇ ਗੋਲੀ ਚਲਵਾਈ ਸੀ. ਉਸ ਅਸਥਾਨ ਦਾ ਨਾਮ "ਮੰਜੀ ਸਾਹਿਬ" ਹੈ. ਇੱਥੋਂ ਦੇ ਗੁਰਦ੍ਵਾਰਿਆਂ ਦਾ ਪ੍ਰਬੰਧ ਗੁਰਸਿੱਖਾਂ ਦੀ ਲੋਕਲ ਕਮੇਟੀ ਕਰਦੀ ਹੈ. ਜਿਸ ਨੇ ਦਰਬਾਰ ਦੀ ਮਨੋਹਰ ਰਚਨਾ ਕਰ ਦਿੱਤੀ ਹੈ. ਸੁੰਦਰ ਤਲਾਬ ਬਣਾਇਆ ਹੈ. ਖਾਲਸਾ ਹਾਈ ਸਕੂਲ ਜਾਰੀ ਕੀਤਾ ਹੈ. ਸਰਦਾਰ ਬਸਾਖਾਸਿੰਘ ਦਾਨੀ ਨੇ ਵਡੀ ਉਦਾਰਤਾ ਨਾਲ ਇਸ ਗੁਰਧਾਮ ਦੀ ਸੇਵਾ ਕਰਕੇ ਧਨ ਸਫਲ ਕੀਤਾ ਹੈ.#ਸਾਵਨ ਸੁਦੀ ਪੂਰਨਮਾਸੀ ਅਤੇ ਗੁਰੂ ਤੇਗਬਹਾਦੁਰ ਸਾਹਿਬ ਦੇ ਜੋਤੀਜੋਤਿ ਸਮਾਉਣ ਵਾਲੇ ਦਿਨ (ਮੱਘਰ ਸੁਦੀ ੫. ਨੂੰ) ਮੇਲਾ ਹੁੰਦਾ ਹੈ.
ਸਰੋਤ: ਮਹਾਨਕੋਸ਼