ਪਰਿਭਾਸ਼ਾ
ਸੈਫ਼ਖ਼ਾਨ (ਸੈਫ਼ੁੱਦੀਨ) ਸਰਦਾਰ ਦਾ ਵਸਾਇਆ ਨਗਰ ਅਤੇ ਕਿਲਾ "ਸੈਫ਼ਾਬਾਦ, ਜੋ ਪਟਿਆਲੇ ਤੋਂ ਚਾਰ ਕੋਹ ਉੱਤਰ ਪੂਰਵ ਹੈ. ਇੱਥੇ ਸੈਫ਼ਖ਼ਾਂ ਦਾ ਪ੍ਰੇਮ ਦੇਖਕੇ ਗੁਰੂ ਤੇਗਬਹਾਦੁਰ ਜੀ ਚੁਮਾਸਾ ਠਹਿਰੇ ਹਨ. ਗੁਰੂਸਾਹਿਬ ਦਾ ਪਵਿਤ੍ਰ ਅਸਥਾਨ ਇੱਕ ਕਿਲੇ ਅੰਦਰ, ਦੂਜਾ ਬਾਹਰ ਬਾਗ ਵਿੱਚ ਹੈ. ਗੁਰਦ੍ਵਾਰੇ ਨਾਲ ਪੰਜ ਸੌ ਘੁਮਾਉਂ ਜ਼ਮੀਨ ਅਤੇ ਨੌ ਸੌ ਰੁਪਯਾ ਤ੍ਯੋਹਾਰਾਂ ਦਾ ਰਿਆਸਤ ਪਟਿਆਲੇ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਦਾ ਪ੍ਰਬੰਧ ਰਿਆਸਤ ਦੇ ਹੱਥ ਹੈ. ਰਾਜਾ ਅਮਰਸਿੰਘ ਪਟਿਆਲਾਪਤਿ ਨੇ ਸਨ ੧੭੭੪ ਵਿੱਚ ਸੈਫਖਾਨ ਦੀ ਔਲਾਦ ਨੂੰ ਮਾਕੂਲ ਜਾਗੀਰ ਦੇਕੇ ਕਿਲੇ ਤੇ ਕਬਜਾ ਕੀਤਾ ਅਤੇ ਉਸ ਨੂੰ ਨਵੇਂ ਸਿਰੇ ਬਹੁਤ ਮਜਬੂਤ ਬਣਾਕੇ ਨਾਉਂ ਬਹਾਦੁਰਗੜ੍ਹ ਰੱਖਿਆ.
ਸਰੋਤ: ਮਹਾਨਕੋਸ਼