ਪਰਿਭਾਸ਼ਾ
[بہادرشاہ] ਔਰੰਗਜ਼ੇਬ ਦਾ ਦੂਜਾ ਪੁਤ੍ਰ. ਜਿਸ ਦਾ ਜਨਮ ਬੁਰਹਾਨਪੁਰ ੪. ਅਕਤੂਬਰ ਸਨ ੧੬੪੩ ਨੂੰ ਹੋਇਆ. ਇਸ ਦਾ ਪਹਿਲਾ ਨਾਮ ਮੁਅ਼ੱਜਮ ਅਤੇ ਸ਼ਾਹ ਆ਼ਲਮ ਸੀ. ਇਹ ਸਨ ੧੭੦੭ ਵਿੱਚ ਦਿੱਲੀ ਦੇ ਤਖਤ ਪੁਰ ਬੈਠਾ, ਅਤੇ ਆਪਣਾ ਨਾਮ ਬਹਾਦੁਰਸ਼ਾਹ ਰੱਖਿਆ. ਇਸ ਦਾ ਬਹੁਤਾ ਸਮਾਂ ਦੱਖਣੀ ਰਿਆਸਤਾਂ ਬੀਜਾਪੁਰ ਗੋਲਕੰਡਾ ਦੇ ਵਿਰੁੱਧ ਲੜਦਿਆਂ ਗੁਜਰਿਆ. ਅੰਤ ਨੂੰ ਬੰਦੇਬਹਾਦੁਰ ਦੇ ਵੇਲੇ ਸਿੱਖਾਂ ਦਾ ਜੋਰ ਵਧਦਾ ਵੇਖਕੇ ਅਤੇ ਸਰਹਿੰਦ ਦੇ ਸੂਬੇ ਵਜ਼ੀਰਖ਼ਾਂਨ ਦਾ ਮਾਰਿਆ ਜਾਣਾ ਸੁਣਕੇ ਇਹ ਪੰਜਾਬ ਵੱਲ ਆਇਆ, ਪਰ ਦੇਸ਼ ਵਿੱਚ ਸ਼ਾਂਤੀ ਨਹੀਂ ਕਰ ਸਕਿਆ. ਬਹਾਦੁਰਸ਼ਾਹ ਦਾ ਦੇਹਾਂਤ ੧੮. ਫਰਵਰੀ ਸਨ ੧੭੧੨ (ਫੱਗੁਣ ਸੰਮਤ ੧੭੬੯) ਨੂੰ ਲਹੌਰ ਹੋਇਆ.#ਬਹਾਦੁਰਸ਼ਾਹ ਦੂਜਾ. ਦਿੱਲੀ ਦਾ ਅੰਤਿਮ ਮੁਗਲ ਬਾਦਸ਼ਾਹ, ਜੋ ਲਾਲਬਾਈ ਦੇ ਉਦਰ ਤੋਂ ਅਕਬਰਸ਼ਾਹ (੨) ਦਾ ਪੁਤ੍ਰ ਸੀ ਉਸ ਦਾ ਜਨਮ ੨੪ ਅਕਤੂਬਰ ਸਨ ੧੭੭੫ ਨੂੰ ਹੋਇਆ. ਇਸ ਨੂੰ ਇਤਿਹਾਸਕਾਰਾਂ ਨੇ ਬਹਾਦੁਰਸ਼ਾਹ ਰੰਗੀਲਾ ਲਿਖਿਆ ਹੈ. ਸਨ ੧੮੫੭ ਦੇ ਗਦਰ ਵਿੱਚ ਇਸ ਦੀ ਸਾਜ਼ਿਸ਼ ਮਲੂਮ ਕਰਕੇ ਅੰਗ੍ਰੇਜ਼ੀ ਸਰਕਾਰ ਨੇ ਬਹਾਦੁਰਸ਼ਾਹ ਨੂੰ ਲੱਖ ਰੁਪਯਾ ਮਹੀਨਾ ਪੈਨਸ਼ਨ ਦੇ ਕੇ ਸਨ ੧੮੫੮ ਵਿੱਚ ਦਿੱਲੀ ਤੋਂ ਰੰਗੂਨ ਭੇਜ ਦਿੱਤਾ, ਜਿੱਥੇ ੭. ਨਵੰਬਰ ਸਨ ੧੮੬੨ ਨੂੰ ਉਸ ਦਾ ਦੇਹਾਂਤ ਹੋਇਆ. ਇਹ ਉੱਤਮ ਕਵੀ ਸੀ ਅਤੇ ਆਪਣਾ ਤਖ਼ੱਲੁਸ "ਜਫਰ" ਲਿਖਦਾ ਸੀ, ਯਥਾ- "ਜਿਸ ਕੀ ਤੁਝ ਕੋ ਜੁਸ੍ਤਜੂ ਹੈ ਵਹ ਤੁਝੀ ਮੇ ਹੈ ਜਫਰ। ਢੂੰਢਤਾ ਫਿਰ ਫਿਰਕੇ ਫਿਰ ਤੂ ਜਾਬਜਾ ਕ੍ਯਾ ਚੀਜ਼ ਹੈ?"
ਸਰੋਤ: ਮਹਾਨਕੋਸ਼