ਪਰਿਭਾਸ਼ਾ
ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਦਿਲੀਪ ਦਾ ਪੁਤ੍ਰ ਸੂਰਯਵੰਸ਼ੀ ਅਯੋਧ੍ਯਾ ਦਾ ਰਾਜਾ. ਇਸ ਨੇ, ਆਪਣੇ ਵਡੇਰੇ ਸਗਰ ਦੇ ਸੱਠ ਹਜਾਰ ਪੁਤ੍ਰਾਂ ਦੀ ਗਤਿ ਲਈ ਜੋ ਕਪਿਲ ਦੀ ਕ੍ਰੋਧਅਗਨਿ ਨਾਲ ਭਸਮ ਹੋ ਗਏ ਸਨ. ਗੰਗਾ ਨੂੰ ਪ੍ਰਿਥਿਵੀ ਪੁਰ ਲਿਆਉਣ ਵਾਸਤੇ, ਹਿਮਾਲਯ ਦੇ ਗੋਕਰਣ ਅਸਥਾਨ ਤੇ ਘੋਰ ਤਪ ਕਰਕੇ ਬ੍ਰਹਮਾ ਰਿਝਾਇਆ. ਬ੍ਰਹਮਾ ਨੇ ਗੰਗਾ ਦੇਣ ਦਾ ਵਾਇਦਾ ਕੀਤਾ, ਪਰ ਕਠਿਨਾਈ ਇਹ ਦੱਸੀ ਕਿ ਆਕਾਸ਼ ਤੋਂ ਆਈ ਗੰਗਾ ਨੂੰ ਬਿਨਾ ਸ਼ਿਵ ਕੋਈ ਨਹੀਂ ਝੱਲ ਸਕੇਗਾ, ਇਸ ਲਈ ਪਹਿਲਾਂ ਸ਼ਿਵ ਨੂੰ ਖੁਸ਼ ਕਰੋ.#ਭਗੀਰਥ ਨੇ ਤਪ ਕਰਕੇ ਸ਼ਿਵ ਤੋਂ ਇਹ ਗੱਲ ਮੰਨਵਾਈ ਕਿ ਉਹ ਗੰਗਾ ਨੂੰ ਧਾਰਣ ਕਰੇਗਾ. ਜਦ ਬ੍ਰਹਮਾ ਨੇ ਗੰਗਾ ਆਕਾਸ਼ ਤੋਂ ਭੇਜੀ, ਤਦ ਸ਼ਿਵ ਨੇ ਆਪਣਾ ਜਟਾਜੂਟ ਇਤਨਾ ਫੈਲਾ ਲੀਤਾ ਕਿ ਹਜ਼ਾਰ ਵਰ੍ਹੇ ਗੰਗਾ ਨੂੰ ਨਿਕਲਣ ਦਾ ਰਾਹ ਨਾ ਲੱਭਿਆ. ਅੰਤ ਨੂੰ ਭਗੀਰਥ ਦੀ ਪ੍ਰਾਰਥਨਾ ਮੰਨਕੇ ਸ਼ਿਵ ਨੇ ਜਟਾ ਵਿੱਚੋਂ ਗੰਗਾ ਕੱਢੀ. ਜਿਸ ਦੇ ਸੱਤ ਪ੍ਰਵਾਹ ਹੋਏ, ਹ੍ਰਾਦਿਨੀ, ਪਾਵਿਨੀ ਅਤੇ ਨਲਿਨੀ ਨਾਮਕ ਤਿੰਨ ਪ੍ਰਵਾਹ ਪੂਰਵ ਦੀ ਤਰਫ ਵਹੇ. ਵੰਕ੍ਸ਼੍, ਸੀਤਾ ਅਤੇ ਸਿੰਧੁ ਨਾਮਕ ਤਿੰਨ ਪ੍ਰਵਾਹ ਪੱਛਮ ਵੱਲ ਵਹੇ. ਇੱਕ ਪ੍ਰਵਾਹ ਭਗੀਰਥ ਦੇ ਰਥ ਪਿੱਛੇ ਤੁਰਿਆ. ਜਿੱਥੋਂ ਦੀ ਭਗੀਰਥ ਦਾ ਰਥ ਗਿਆ ਪਿੱਛੇ ਹੀ ਗੰਗਾ ਦਾ ਪ੍ਰਵਾਹ ਵਹਿਣ ਲੱਗਾ. ਇਸੇ ਪ੍ਰਵਾਹ ਦਾ ਨਾਮ ਭਾਗੀਰਥੀ ਹੋਇਆ. ਦੇਖੋ, ਜਨ੍ਹਸੁਤਾ ਅਤੇ ਜਾਹਰਨਵੀ। ੨. ਮੈਲੀਸੀਹਾਂ ਪਿੰਡ ਦਾ ਨੰਬਰਦਾਰ, ਜੋ ਦੁਰਗਾ ਦੀ ਉਪਾਸਨਾ ਤਿਆਗਕੇ ਗੁਰੂ ਨਾਨਕਦੇਵ ਦਾ ਆਤਮਗਿਆਨੀ ਸਿੱਖ ਹੋਇਆ। ੩. ਸੁਇਨੀ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਮਹਾਨ ਪਰੋਪਕਾਰੀ ਹੋਇਆ.
ਸਰੋਤ: ਮਹਾਨਕੋਸ਼