ਭਵ
bhava/bhava

ਪਰਿਭਾਸ਼ਾ

(ਦੇਖੋ, ਭੂ ਧਾ) ਸੰ. ਸੰਗ੍ਯਾ- ਹੋਣਾ. ਸੱਤਾ. ਹੋਂਦ. ਹਸ੍ਤੀ. "ਜਨਮ ਮਰਣ ਭਵਭੰਜਨ ਗਾਈਐ." (ਸੋਰ ਮਃ ੧) ੨. ਸੰਸਾਰ. ਜਗਤ. "ਭਵਸਾਗਰ ਨਾਵ ਹਰਿਸੇਵਾ." (ਸੂਹੀ ਛੰਤ ਮਃ ੫) ੩. ਭਵਸਾਗਰ ਦਾ ਸੰਖੇਪ. "ਭਵਉਤਾਰ ਨਾਮ ਭਨੇ." (ਮਲਾ ਪੜਤਾਲ ਮਃ ੫) ਭਵਸਾਗਰ ਤੋਂ ਪਾਰ ਕਰਨ ਵਾਲਾ ਨਾਮ। ੪. ਸ਼ਿਵ. "ਮਹਾਦੇਵ ਭਵ ਭਦ੍ਰ ਕਰੰਤਾ." (ਗੁਪ੍ਰਸੂ) ੫. ਜਨਮ. "ਭਵਹਰਣ ਹਰਿ ਹਰਿ ਹਰੇ." (ਕੇਦਾ ਮਃ ੫) "ਭਵ ਮੇ ਭਵ ਕੇ ਰੰਕ ਜੇ ਭਵ ਸਮ ਹੋਇ ਕ੍ਰਿਪਾਲ। ਮਾਲਿਕ ਪ੍ਰਿਥਿਵੀ ਕੇ ਕਰੇ ਸ੍ਰੀ ਹਰਿਰਾਇ ਰਸਾਲ." (ਗੁਪ੍ਰਸੂ) ੬. ਵਰਤਮਾਨ ਕਾਲ. "ਭਵ ਭੂਤ ਭਾਵ ਸਮਬਿਅੰ." (ਗੂਜ ਜੈਦੇਵ) ਦੇਖੋ, ਸਮਬਿਅੰ। ੭. ਆਵਾਗਮਨ. ਚੌਰਾਸੀ ਦਾ ਗੇੜਾ. "ਭਵਖੰਡਨ ਦੁਖਨਾਸਦੇਵ." (ਬਸੰ ਮਃ ੫) ੮. ਧਨ. ਵਿਭੂਤਿ। ੯. ਭਵਦ੍ਰ (ਆਪ ਕਾ) ਦਾ ਸੰਖੇਪ. "ਧੰਨ ਨਵਾਬ, ਧੰਨ ਭਵ ਦੀਨ." (ਪੰਪ੍ਰ) ਭਵੱਦੀਨ। ੧੦. ਭਵਨ (ਭ੍ਰਮਣ) ਭਉਣਾ. "ਸਹਿਜ ਭਵੈ ਪ੍ਰਭੁ ਸਭਨੀ ਥਾਈ." (ਗਉ ਅਃ ਮਃ ੩)
ਸਰੋਤ: ਮਹਾਨਕੋਸ਼