ਮਹਰਾਵਣ
maharaavana/maharāvana

ਪਰਿਭਾਸ਼ਾ

ਮਹਾਰਾਵਣ. "ਅਦਭੁਤ ਰਾਮਾਯਣ" ਵਿੱਚ, (ਜਿਸ ਨੂੰ ਵਾਲਮੀਕਿ ਰਿਖਿ ਦਾ ਰਚਿਆ ਦੱਸਿਆ ਜਾਂਦਾ ਹੈ), ਲਿਖਿਆ ਹੈ ਕਿ ਇੱਕ ਵਾਰ ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਨੇ ਰਾਵਣ ਮਾਰਨ ਦਾ ਪ੍ਰਸੰਗ ਛੇੜਕੇ ਆਪਣੇ ਬਲ ਦੀ ਮਹਿਮਾ ਕਹੀ, ਇਸ ਪੁਰ ਸੀਤਾ ਮੁਸਕਰਾਈ ਪੁੱਛਣ ਪੁਰ ਸੀਤਾ ਨੇ ਆਖਿਆ ਕਿ ਰਾਵਣ ਤੋਂ ਭੀ ਵਧਕੇ ਹਜ਼ਾਰ ਸਿਰ ਵਾਲਾ (ਸਹਸ੍ਰਮੁਖ ਰਾਵਣ) ਹੈ, ਉਸ ਦੇ ਮਾਰੇ ਬਿਨਾ ਆਪ ਦੀ ਕੀ ਬਹਾਦੁਰੀ ਹੈ?#ਰਾਮਚੰਦ੍ਰ ਜੀ ਅਤੇ ਸੀਤਾ ਆਪਣੀ ਸੈਨਾ ਲੈਕੇ, ਸੁਗ੍ਰੀਵ, ਹਨੁਮਾਨ, ਅੰਗਦ, ਵਿਭੀਸਣ ਨੂੰ ਨਾਲ ਮਿਲਾਕੇ, ਸਮੁੰਦਰੋਂ ਪਾਰ ਜਾਕੇ ਮਹਰਾਵਣ ਨਾਲ ਲੜਨ ਲੱਗੇ. ਉਸ ਨੇ ਸਾਰੀ ਸੈਨਾ ਅਰ ਸਰਦਾਰਾਂ ਨੂੰ, ਜਿੱਥੋਂ ਜਿੱਥੋਂ ਆਏ ਸਨ, ਉੱਥੇ ਉੱਥੇ ਤੀਰਾਂ ਨਾਲ ਫੈਂਕ ਦਿੱਤਾ, ਕੇਵਲ ਮੂਰਛਾ ਨੂੰ ਪ੍ਰਾਪਤ ਹੋਏ ਰਾਮ ਅਤੇ ਸੀਤਾ ਮੈਦਾਨ ਜੰਗ ਵਿੱਚ ਰਹਿ ਗਏ. ਸੀਤਾ ਨੇ ਕਾਲੀ ਦਾ ਰੂਪ ਧਾਰਕੇ ਮਹਾਰਾਵਣ ਮਾਰਿਆ ਅਤੇ ਰਾਮਚੰਦ੍ਰ ਜੀ ਨੂੰ ਲੈਕੇ ਅਯੋਧ੍ਯਾ ਵਾਪਿਸ ਆਈ. "ਰਾਵਣ ਸੇ ਮਹਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ." (ਵਿਚਿਤ੍ਰ) ਰਾਵਣ, ਮਹਾਰਾਵਣ ਅਤੇ ਕੁੰਭਕਾਨ ਜੇਹੇ ਪਲ ਵਿੱਚ ਪਛਾੜ ਸੁੱਟੇ.
ਸਰੋਤ: ਮਹਾਨਕੋਸ਼