ਪਰਿਭਾਸ਼ਾ
ਸੰਗ੍ਯਾ- ਵਡਾ ਸ਼ੇਰ. ਕੇਸ਼ਰੀ। ੨. ਸ਼ਰਭ, ਜੋ ਸ਼ੇਰ ਨੂੰ ਭੀ ਮਾਰ ਲੈਂਦਾ ਹੈ। ੩. ਚਾਲੀ ਮੁਕਤਿਆਂ ਦੇ ਜਥੇਦਾਰ ਭਾਈ ਮਹਾਸਿੰਘ ਜੀ. ਸੰਮਤ ੧੭੬੨¹ ਵਿੱਚ ਜੋ ਸਿੰਘ, ਸ਼ਾਹੀ ਫੌਜ ਨਾਲ ਮੁਕਤਸਰ ਲੜੇ, ਆਪ ਉਨ੍ਹਾਂ ਵਿੱਚ ਸਨ. ਜਦ ਕਲਗੀਧਰ ਨੇ ਮੈਦਾਨ ਜੰਗ ਵਿੱਚ ਆਕੇ ਸ਼ਹੀਦਾਂ ਦੇ ਸ਼ਰੀਰ ਉਠਵਾਏ ਤਦ ਮਹਾਸਿੰਘ ਜੀ ਵਿੱਚ ਕੁਝ ਪ੍ਰਾਣ ਸਨ. ਦਸ਼ਮੇਸ਼ ਨੇ ਆਪਣੇ ਰੁਮਾਲ ਨਾਲ ਮਹਾਸਿੰਘ ਜੀ ਦਾ ਮੁਖ ਸਾਫ ਕੀਤਾ ਅਰ ਜਲ ਛਕਾਇਆ. ਜਦ ਮਹਾਸਿੰਘ ਜੀ ਦੀ ਮੂਰਛਾ ਖੁੱਲੀ, ਤਾਂ ਕਲਗੀਧਰ ਨੇ ਫਰਮਾਇਆ, ਵਰ ਮੰਗ. ਮਹਾਸਿੰਘ ਨੇ ਅਰਜ ਕੀਤੀ ਕਿ ਜੇ ਤੁੱਠੇ ਹੋ, ਤਾਂ ਸੰਗਤਿ ਦਾ "ਬੇਦਾਵਾਪਤ੍ਰ" ਪਾੜਕੇ ਟੁੱਟੀ ਗੱਢੋ, ਹੋਰ ਕੋਈ ਵਾਸਨਾ ਨਹੀਂ. ਜਗਤਗੁਰੂ ਨੇ ਧੰਨਸਿੱਖ, ਧੰਨ ਸਿੱਖੀ ਕਹਿਂਦੇ ਹੋਏ ਬੇਦਾਵਾਪਤ੍ਰ ਮਹਾਸਿੰਘ ਨੂੰ ਦਿਖਾਕੇ ਚਾਕ ਕਰਦਿੱਤਾ. ਮਹਾਂਸਿੰਘ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ. ਕਲਗੀਧਰ ਨੇ ਆਪਣੇ ਹੱਥੀਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ. ਸ਼ਹੀਦਗੰਜ ਮੁਕਤਸਰ ਦੇ ਕਿਨਾਰੇ ਵਿਦ੍ਯਮਾਨ ਹੈ. ਪਹਿਲਾਂ ਇਸ ਤਾਲ ਦਾ ਨਾਮ ਖਿਦਰਾਣਾ ਸੀ। ੪. ਮਹਾਰਾਜਾ ਰਣਜੀਤਸਿੰਘ "ਸ਼ੇਰ ਪੰਜਾਬ" ਦਾ ਪਿਤਾ, ਜਿਸ ਦਾ ਜਨਮ ਸਨ ੧੭੬੦ ਵਿੱਚ ਅਤੇ ਦੇਹਾਂਤ ਸਨ ੧੭੯੨ ਵਿੱਚ ਗੁੱਜਰਾਂਵਾਲੇ ਹੋਇਆ.
ਸਰੋਤ: ਮਹਾਨਕੋਸ਼