ਪਰਿਭਾਸ਼ਾ
ਅ਼. [مّکہ] ਮੱਕਹ਼ (Mecca. ) ਅ਼ਰਬ ਦਾ ਪ੍ਰਸਿੱਧ ਨਗਰ, ਜੋ ਮੁਹ਼ੰਮਦ ਸਾਹਿਬ ਦਾ ਜਨਮ ਅਸਥਾਨ ਹੈ, ਅਤੇ ਜਿਸ ਵਿੱਚ ਇਸਲਾਮ ਦਾ ਸਭ ਤੋਂ ਉੱਤਮ ਧਰਮ ਮੰਦਿਰ "ਕਾਬਾ" ਬੈ. ਇਹ ਜੱਦਹ ਬੰਦਰ (Port)¹ ਤੋਂ ਕ਼ਰੀਬ ਸੱਠ ਸੱਤਰ ਮੀਲ ਪਥਰੀਲੀ ਅਤੇ ਰੇਤਲੀ ਜ਼ਮੀਨ ਵਿੱਚ ਹੈ. ਸਿਵਾਹਿ ਹੱਜ ਆਏ ਯਾਤ੍ਰੀਆਂ ਦੇ ਇੱਥੇ ਹੋਰ ਕੋਈ ਰੌਣਕ ਦੀ ਗੱਲ ਨਹੀਂ ਹੈ. ਪਾਣੀ ਖੂਹਾਂ ਦਾ ਬਹੁਤ ਖਾਰਾ ਹੈ. ਛੀ ਸੱਤ ਮੀਲ ਤੋਂ ਪੀਣ ਲਾਇਕ ਪਾਣੀ ਆਉਂਦਾ ਹੈ. ਮੱਕੇ ਦਾ ਪਹਿਲਾ ਨਾਮ "ਬੱਕਾ" ਹੈ. ਮੱਕੇ ਪਾਸ ਜੋ ਖ਼ੁਸ਼ਕ ਪਹਾੜੀਆਂ ਹਨ, ਉਨ੍ਹਾਂ ਦੀ ਬਲੰਦੀ ੫੦੦ ਫੁਟ ਤੋਂ ਵੱਧ ਨਹੀਂ.#ਮਿਸ਼ਕਾਤ ਵਿੱਚ ਲਿਖਿਆ ਹੈ ਕਿ ਹਜਰਤ ਮੁਹ਼ੰਮਦ ਨੇ ਆਖਿਆ ਸੀ ਕਿ "ਮੱਕਾ ਆਦਮੀ ਨੇ ਨਹੀਂ, ਕਿੰਤੁ ਖ਼ੁਦਾ ਨੇ ਪਵਿਤ੍ਰ ਥਾਪਿਆ ਹੈ. ਮੇਰੀ ਉੱਤਮ ਇੱਥੇ ਹਮੇਸ਼ਾਂ ਰਕ੍ਸ਼ਿਤ ਰਹੇਗੀ ਅਰ ਇਸ ਨਗਰ ਦਾ ਸਨਮਾਨ ਕਰਨ ਨਾਲ ਅਗਲੀ ਦੁਨੀਆਂ ਵਿੱਚ ਭੀ ਸੁਖੀ ਹੋਵੇਗੀ." ਮੱਕੇ ਦਾ ਨਾਉਂ "ਉੱਮਲਕੁਰਾ [اُمّاُلقرٰے] " ਅਰਥਾਤ "ਨਗਰਾਂ ਦੀ ਮਾਂ" ਭੀ ਦੇਖਿਆ ਜਾਂਦਾ ਹੈ, ਦੇਖੋ, ਕਾਬਾ ਸ਼ਬਦ ਵਿੱਚ ਇਸ ਦਾ ਚਿਤ੍ਰ.
ਸਰੋਤ: ਮਹਾਨਕੋਸ਼