ਪਰਿਭਾਸ਼ਾ
ਅ਼. [یرقان] ਸੰ. ਹਲੀਮਕ. Jaundice ਪੀਲੀਆ ਰੋਗ. ਇਸ ਰੋਗ ਦੇ ਕਾਰਣ ਹਨ- ਬਹੁਤ ਤੇਜ਼ ਅਤੇ ਗਰਮ ਚੀਜਾਂ ਖਾਣੀਆਂ, ਤੇਜ ਜੁਲਾਬ ਲੈਣੇ, ਜ਼ਹਿਰੀਲੀ ਵਸਤੂ ਖਾਣੀ, ਬਹੁਤ ਮੈਥੁਨ ਕਰਨਾ, ਨਸ਼ੇ ਦੀਆਂ ਚੀਜਾਂ ਦਾ ਜਾਦਾ ਵਰਤਣਾ, ਗਰਭ ਦੀ ਹਾਲਤ ਵਿੱਚ ਇਸਤ੍ਰੀ ਦਾ ਬਹੁਤ ਸੌਣਾ, ਬਹੁਤ ਖਟਾਈਆਂ ਦਾ ਵਰਤਣਾ ਆਦਿ. ਜਿਗਰ ਦਾ ਵਿਗਾੜ ਹੀ ਇਸ ਦਾ ਪ੍ਰਧਾਨ ਕਾਰਣ ਹੈ.#ਯਰਕਾਨ ਵਿੱਚ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ, ਸਾਰੇ ਪਦਾਰਥ ਪੀਲੇ ਦਿਖਾਈ ਦਿੰਦੇ ਹਨ, ਤੁਚਾ ਮੂਤ੍ਰ ਪਸੀਨਾ ਨਹੁੰ ਪੀਲੇ ਹੁੰਦੇ ਹਨ, ਪਰ ਪਾਖਾਨਾ ਚਿੱਟਾ ਹੁੰਦਾ ਹੈ.#ਇਸ ਰੋਗ ਦੇ ਸਾਧਾਰਣ ਇਲਾਜ ਹਨ-#ਅਨਾਰ, ਹਿੰਦਵਾਣਾ (ਮਤੀਰਾ), ਸੰਗਤਰੇ, ਮਿੱਠੇ ਆਦਿ ਫਲ ਖਾਣੇ ਅਰ ਗੋਕੇ ਦਹੀਂ ਦਾ ਅਧਰਿੜਕ ਪੀਣਾ. ਕਾਸਨੀ. ਆਉਲੇ ਕੁੱਟਕੇ ਰਾਤ ਨੂੰ ਭਿਉਂ ਰੱਖਣੇ, ਸਵੇਰੇ ਇਸ ਪਾਣੀ ਨਾਲ ਸੰਦਲ ਦਾ ਸ਼ਰਬਤ ਮਿਲਾਕੇ ਪੀਣਾ. ਕਾਹੂ, ਕੁਲਫਾ, ਕਾਸਨੀ, ਖੀਰੇ ਦੇ ਬੀਜ, ਇਲਾਚੀਆਂ, ਮਿਸ਼ਰੀ ਘੋਟਕੇ ਸਰਦਾਈ ਪੀਣੀ. ਨੇਂਬੂ ਦਾ ਸ਼ਰਬਤ ਪੀਣਾ. ਦੁੱਧ ਚਾਉਲ ਮੁੰਗੀ ਆਦਿਕ ਨਰਮ ਭੋਜਨ ਕਰਨਾ.
ਸਰੋਤ: ਮਹਾਨਕੋਸ਼