ਯੂਸਫ਼
yoosafa/yūsafa

ਪਰਿਭਾਸ਼ਾ

[یوُسف] ਯੂਸੁਫ਼ (Joseph). ਇਹ ਯਅ਼ਕੂਬ ਦਾ ਪੁਤ੍ਰ ਅਤੇ ਇਬਰਾਹੀਮ ਦਾ ਪੜੋਤਾ ਸੀ. ਕੁਰਾਨ ਵਿੱਚ ਇਸ ਨਾਮ ਦੀ ਬਾਰਵੀਂ ਸੂਰਤ ਹੈ, ਜਿਸ ਵਿੱਚ ਕਥਾ ਹੈ ਕਿ ਯੂਸਫ ਬਹੁਤ ਹੀ ਸੁੰਦਰ ਸੀ. ਇਸ ਦੇ ਮਤੇਰ ਭਾਈਆਂ ਨੇ ਈਰਖਾ ਦੇ ਸਾੜੇ ਨਾਲ ਇਸ ਨੂੰ ਜੰਗਲ ਦੇ ਅੰਨ੍ਹੇ ਖੂਹ ਵਿੱਚ ਸੁੱਟ ਦਿੱਤਾ. ਇੱਕ ਵਪਾਰੀਆਂ ਦਾ ਟੋਲਾ ਉਸ ਪਾਸਦੀ ਲੰਘਦਾ ਹੋਇਆ ਯੂਸਫ ਨੂੰ ਕੱਢਕੇ ਮਿਸਰ ਲੈ ਗਿਆ ਅਰ ਕਿਤਫ਼ੀਰ ਧਨੀ ਪਾਸ ਗੁਲਾਮ ਕਰਕੇ ਬੇਚ ਦਿੱਤਾ. ਕਿਤਫੀਰ ਦੀ ਇਸਤ੍ਰੀ ਜ਼ੁਲੈਖਾਂ ਨੇ ਯੂਸਫ਼ ਪਰ ਮੋਹਿਤ ਹੋਕੇ ਅਯੋਗ ਸੰਬੰਧ ਕਰਨਾ ਚਾਹਿਆ, ਪਰ ਧਰਮੀ ਯੂਸਫ਼ ਨੇ ਇਨਕਾਰ ਕੀਤਾ. ਜ਼ੂਲੈਖਾਂ ਨੇ ਰੰਜ ਵਿੱਚ ਆ ਕੇ ਪਤਿ ਨੂੰ ਆਖਿਆ ਕਿ ਯੂਸਫ਼ ਪਾਂਮਰ ਹੈ ਅਰ ਮੇਰੇ ਨਾਲ ਅਯੋਗ ਵਰਤਾਉ ਕਰਨਾ ਚਾਹੁੰਦਾ ਸੀ, ਇਸ ਪੁਰ ਯੂਸਫ਼ ਨੂੰ ਅਪਰਾਧੀ ਠਹਿਰਾਇਆ ਜਾਕੇ ਕੈਦ ਕੀਤਾ ਗਿਆ.#ਯੂਸਫ਼ ਨੂੰ ਸੁਪਨੇ ਦਾ ਫਲ ਅਜੇਹਾ ਦੱਸਣਾ ਆਉਂਦਾ ਸੀ ਕਿ ਜੋ ਉਹ ਬਿਆਨ ਕਰਦਾ, ਉਸ ਸੱਚ ਹੀ ਹੁੰਦਾ. ਦੈਵਯੋਗ ਨਾਲ ਮਿਸਰ ਦੇ ਬਾਦਸ਼ਾਹ ਨੂੰ ਇੱਕ ਸੁਪਨਾ ਆਇਆ, ਜਿਸ ਦਾ ਫਲ ਕੋਈ ਠੀਕ ਨਾ ਦੱਸ ਸਕਿਆ, ਪਰ ਯੂਸਫ਼ ਨੇ ਉੱਤਮ ਰੀਤਿ ਨਾਲ ਵਰਣਨ ਕਰਕੇ ਤਸੱਲੀ ਕੀਤੀ. ਬਾਦਸ਼ਾਹ ਨੇ ਪ੍ਰਸੰਨ ਹੋਕੇ ਕੈਦ ਤੋਂ ਰਿਹਾਈ ਦਿੱਤੀ ਅਰ ਗੁਲਾਮੀ ਤੋਂ ਛੁਡਾਕੇ ਆਪਣਾ ਅਹਿਲਕਾਰ ਥਾਪਿਆ.#ਮਿਸਰਰਾਜ ਦਾ ਮੰਤ੍ਰੀ ਹੋਕੇ ਯੂਸਫ਼ ਨੇਕ ਕੰਮ ਕਰਦਾ ਰਿਹਾ. ਦੁਰਭਿੱਖ (ਕ਼ਹਤ) ਤੋਂ ਦੁਖੀ ਹੋਏ ਯੂਸਫ਼ ਦੇ ਭਾਈ, ਜਿਨ੍ਹਾਂ ਨੇ ਇਸ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ, ਅੰਨ ਲੈਣ ਮਿਸਰ ਆਏ, ਤਦ ਯੂਸਫ਼ ਨੇ ਉਨ੍ਹਾਂ ਨਾਲ ਚੰਗਾ ਸਲੂਕ ਕੀਤਾ. ਅੰਨ ਦੇਣ ਤੋਂ ਛੁੱਟ ਉਨ੍ਹਾਂ ਦੀ ਰਕਮ ਭੀ ਮੋੜ ਦਿੱਤੀ. ਜਦ ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ, ਤਾਂ ਬਹੁਤ ਪਛਤਾਏ ਅਰ ਯੂਸਫ਼ ਤੋਂ ਮੁਆਫ਼ੀ ਮੰਗੀ. ਯੂਸਫ਼ ਨੇ ਉਦਾਰਭਾਵ ਨਾਲ ਆਖਿਆ ਕਿ ਮੈਂ ਤੁਹਾਡੇ ਅਪਰਾਧ ਛਿਮਾ ਕੀਤੇ, ਖ਼ੁਦਾ ਭੀ ਕ੍ਰਿਪਾ ਕਰਕੇ ਤੁਹਾਨੂੰ ਮੁਆਫ਼ ਕਰੇ. ਯੂਸਫ਼ ਦੀ ਸਾਰੀ ਉਮਰ ੧੧੦ ਵਰ੍ਹੇ ਦੀ ਸੀ. "ਜਬੈ ਜੁਲੈਖਾਂ ਯੂਸਫਹਿ ਰੂਪ ਵਿਲੋਕ੍ਯੋ ਜਾਇ। ਬਸੁ ਅਸੁ ਦੈ ਤਾਂਕੋ ਤੁਰਤ ਲਿਯੋ ਸੁ ਮੋਲ ਬਨਾਇ." (ਚਰਿਤ੍ਰ ੨੦੧)¹
ਸਰੋਤ: ਮਹਾਨਕੋਸ਼