ਪਰਿਭਾਸ਼ਾ
ਇਸ ਦਵਾ ਦੇ ਬਣਾਉਣ ਦੀ ਇਹ ਜੁਗਤਿ ਹੈ:-#ਸੁੰਢ, ਮਘਪਿੱਪਲ, ਚਵ, ਪਿੱਪਲਾਮੂਲ, ਚਿੱਤੇ ਦੀ ਛਿੱਲ, ਭੁੰਨੀ ਹੋਈ ਹਿੰਗ, ਸਰ੍ਹੋਂ, ਅਜਮੋਦ, ਕਾਲਾ ਜੀਰਾ, ਚਿੱਟਾ ਜੀਰਾ, ਰੇਣੁਕਾ, ਇੰਦ੍ਰਜੌਂ, ਪਾਢਲ, ਬਾਇਬੜਿੰਗ, ਗਜਪਿੱਪਲ, ਕੜੂ, ਅਤੀਸ, ਭਰੰਗੀ, ਬਚ, ਮੂਰਵਾ, ਇਹ ਵੀਹ ਦਵਾਈਆਂ ਚਾਰ ਚਾਰ ਮਾਸ਼ੇ, ਇਨ੍ਹਾਂ ਤੋਂ ਦੁਗਣਾ ਤ੍ਰਿਫਲਾ ਲੈਕੇ ਸਭ ਨੂੰ ਕੁੱਟਕੇ ਬਰੀਕ ਚੂਰਣ ਬਣਾਉਣਾ. ਇਸ ਚੂਰਣ ਦੇ ਬਰਾਬਰ ਸ਼ੁੱਧ ਗੁੱਗਲ ਲੈਕੇ ਖਰਲ ਵਿੱਚ ਚੰਗੀ ਤਰ੍ਹਾਂ ਪੀਹਣੀ. ਗੁੱਗਲ ਨੂੰ ਲੇਸਦਾਰ ਕਰਕੇ ਚੂਰਣ ਮਿਲਾ ਦੇਣਾ, ਫੇਰ ਬੰਗ, ਰੂਪਰਸ, ਨਾਗੇਸ਼੍ਵਰ, ਸਾਰ, ਅਭਰਕ, ਮੰਡੂਰ, ਸੰਦੂਰ, ਇਨ੍ਹਾਂ ਸੱਤ ਦਵਾਈਆਂ ਦੀ ਭਸਮ ਚਾਰ ਚਾਰ ਤੋਲੇ ਲੈਕੇ ਗੁੱਗਲ ਵਿੱਚ ਮਿਲਾ ਦੇਣੀ. ਜਦ ਸਭ ਚੀਜਾਂ ਇੱਕ ਜਾਨ ਹੋ ਜਾਣ, ਤਾਂ ਇੱਕ ਇੱਕ ਮਾਸ਼ੇ ਦੀਆਂ ਗੋਲੀਆਂ ਬਣਾਕੇ ਚਿਕਨੇ ਭਾਂਡੇ ਵਿੱਚ ਪਾ ਰੱਖਣੀਆਂ.#ਇਹ ਯੋਗਰਾਜ ਗੁੱਗਲ- ਕੁਸ੍ਠ, ਬਵਾਸੀਰ, ਸੰਗ੍ਰਹਣੀ, ਪ੍ਰਮੇਹ, ਸ਼ੂਲ, ਭਗੰਦਰ, ਖਾਂਸੀ, ਮਿਰਗੀ, ਮੰਦਾਗਨਿ, ਦਮਾ ਆਦਿ ਰੋਗਾਂ ਨੂੰ ਨਾਸ਼ ਕਰਦੀ ਹੈ.
ਸਰੋਤ: ਮਹਾਨਕੋਸ਼