ਪਰਿਭਾਸ਼ਾ
ਸੰ. रस्. ਧਾ- ਸ਼ਬਦ ਕਰਨਾ, ਸ੍ਵਾਦ ਲੈਣਾ (ਚੱਖਣਾ), ਪ੍ਰੀਤਿ ਕਰਨਾ। ੨. ਸੰਗ੍ਯਾ- ਰਸਨਾ ਨਾਲ ਗ੍ਰਹਣ ਕਰਨ ਯੋਗ੍ਯ ਮਿਠਾਸ ਆਦਿ ਗੁਣ. ਦੇਖੋ, ਖਟਰਸ. "ਰਸ ਭੋਗਹਿ ਖੁਸ਼ੀਆ ਕਰਹਿ, ਮਾਣਹਿ ਰੰਗ ਅਪਾਰ." (ਸ੍ਰੀ ਮਃ ੫) ੩. ਅੰਨ ਆਦਿ ਖਾਧੇ ਪਦਾਰਥਾਂ ਦਾ ਪਰਿਣਾਮ, ਜੋ ਸ਼ਰੀਰ ਨੂੰ ਪੁਸ੍ਟ ਕਰਨ ਵਾਲਾ ਧਾਤੁ ਹੈ। ੪. ਫੁੱਲ ਦੀ ਮਿਠਾਸ. ਮਧੁ। ੫. ਵੀਰਯ. ਮਨੀ। ੬. ਪ੍ਰੇਮ. ਪਿਆਰ. "ਮਾਤ ਪਿਤਾ ਭਾਈ ਸੁਤ ਬਨਿਤਾ, ਤਾਕੈ ਰਸ ਲਪਟਾਨਾ." (ਧਨਾ ਮਃ ੯) ੭. ਪਾਰਾ। ੮. ਜਲ. "ਅਗਨਿ ਰਸ ਸੋਖੈ." (ਤੁਖਾ ਬਾਰਹਮਾਹਾ) ੯. ਕਾਵ੍ਯ ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵ੍ਯ ਪੜ੍ਹਨ, ਸੁਣਨ ਅਥਵਾ ਨਾਟਕ ਆਦਿ ਦੇਖਣ ਤੋਂ ਉਤਪੰਨ ਹੁੰਦਾ ਹੈ. "ਰਸ ਰੂਪ ਰੰਗ ਅਨੰਤ ਬੀਨਲ, ਸਾਸਿ ਸਾਸਿ ਧਿਆਇਣਾ." (ਰਾਮ ਛੰਤ ਮਃ ੫)#ਰਤਿ, ਹਾਸ. ਸ਼ੋਕ, ਕ੍ਰੋਧ. ਉਤਸਾਹ. ਭਯ, ਨਿੰਦਾ. ਆਸ਼ਚਰਯ ਅਤੇ ਨਿਰਵੇਦ ਸਥਾਈ ਭਾਵਾਂ ਦੀ ਪਰਿਪੱਕ ਅਵਸਥਾ ਹੀ ਨੌ ਰਸ- ਸ਼੍ਰਿੰਗਾਰ, ਹਾਸ੍ਯ, ਕਰੁਣ, ਹੌਦ੍ਰ, ਵੀਰ, ਭਯਾਨਕ, ਬੀਛਤਸ, ਅਦਭੂਤ ਅਤੇ ਸ਼ਾਂਤ ਹਨ. ਇਨ੍ਹਾਂ ਰਸਾਂ ਦੇ ਸਮਝਣ ਲਈ ਭਾਵ ਸ਼ਬਦ ਦਾ ਅੰਗ ੧੪. ਚੰਗੀ ਤਰਾਂ ਵਿਚਾਰਨਾ ਚਾਹੀਐ. ਇੱਥੇ ਨੌ ਰਸਾਂ ਦੇ ਉਦਾਹਰਣ ਦਿਖਾਏ ਜਾਂਦੇ ਹਨ-#(ੳ) ਸ਼੍ਰਿੰਗਾਰ.#"ਕਾਜਲ ਹਾਰ ਤੰਬੋਲ ਸਭੈਕਿਛੁ ਸਾਜਿਆ।#ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ." (ਫੁਨਹੇ ਮਃ ੫)#(ਅ) ਹਾਸ੍ਯ. "ਮੋਰ ਮੋਰ ਕਰਿ ਅਧਿਕ ਲਾਡੁ ਧਰਿ, ਪੇਖਤ ਹੀ ਜਮਰਾਉ ਹਸੈ." (ਸ੍ਰੀ ਕਬੀਰ)#ਜਦ ਮਾਂ ਅਨੇਕ ਪ੍ਰਕਾਰ ਦਾ ਮੂੰਹ ਬਣਾਕੇ ਮੇਰਾ ਬੱਚਾ, ਮੇਰਾ ਲਾਲ, ਮੇਰਾ ਸੋਹਣਾ ਆਖਦੀ ਹੈ, ਤਾਂ ਯਮਰਾਜ ਨੂੰ ਉਸ ਦੀ ਹਰਕਤ ਤੇ ਹਾਸਾ ਆਉਂਦਾ ਹੈ.#ਸੀਸ ਦੁਮਾਲਾ ਧਰੇ ਸੁਰਮਈ ਕੰਧੇ ਮੋਟਾ ਸੋਟਾ ਹੈ,#ਮਸਤਾਨੇ ਪਟ ਕਮਰਕਸੇ ਯੁਤ ਸਜ੍ਯੋ ਵਿਚਿਤ੍ਰ ਕਛੋਟਾ ਹੈ,#ਫਤੇਸਿੰਘ ਕੇ ਪਿਖ਼ ਸਰੂਪ ਅਸ#ਕਲਗੀਧਰ ਬਿਕਸਾਵਤ ਹੈਂ,#ਸਿੰਘਸਮਾਜ ਕਵੀਗਣ ਹਁਸ ਹਁਸ#ਲੋਟਪੋਟ ਹ੍ਵੈਜਾਵਤ ਹੈਂ.#(ੲ) ਕਰੁਣਾ.#"ਜਿਨਿ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰ,#ਸੇ ਸਿਰ ਕਾਤੀ ਮੁੰਨੀਅਨਿ, ਗਲ ਵਿਚਿ ਆਵੈ ਧੂੜਿ,#ਮਹਲਾ ਅੰਦਰਿ ਹੋਦੀਆ,#ਹੁਣਿ ਬਹਿਣ ਨ ਮਿਲਨਿ ਹਦੂਰਿ." (ਆਸਾ ਅਃ ਮਃ ੧)#"ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇਗਏ ਭਾਈ,#ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਣੀ." (ਆਸਾ ਕਬੀਰ)#(ਸ) ਰੌਦ੍ਰ. "ਜਾ ਤੁਧ ਭਾਵਹਿ ਤੇਗ ਵਗਾਵਹਿ ਸਿਰ ਮੁੰਡੀ ਕਟਿਜਾਵਹਿ." (ਮਃ ੧. ਵਾਰ ਮਾਝ)#(ਹ) ਵੀਰ. "ਰਣੁ ਦੇਖਿ ਸੂਰੇ ਚਿਤ ਉਲਾਸ." (ਬਸੰ ਮਃ ੫)#"ਗਗਨ ਦੁਮਾਮਾ ਬਾਜਿਓ ਪਾਰਿਓ ਨੀਸਾਨੈ ਘਾਊ,#ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ,#ਸੂਰਾ ਸੌ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ,#ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ)#ਦੇਖੋ, ਵੀਰ ੭.#(ਕ) ਭਯਾਨਕ. "ਲਟ ਛੂਟੀ ਵਰਤੈ ਬਿਕਰਾਲ." (ਭੈਰ ਅਃ ਕਬੀਰ)#(ਖ) ਬੀਭਤਸ. "ਬਿਸਟਾ ਅਸਤ ਰਕਤ ਪਰੇਟੇ ਚਾਮ." (ਆਸਾ ਮਃ ੫)#(ਗ) ਅਦਭੁਤ. "ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ." (ਗਉ ਮਃ ੯)#(ਘ) ਸ਼ਾਂਤ#"ਕਹਾ ਮਨ, ਬਿਖਿਆ ਸਿਉ ਲਪਟਾਹੀ?#ਯਾ ਜਗ ਮੈ ਕੋਊ ਰਹਨੁ ਨ ਪਾਵੈ#ਇਕਿ ਆਵਹਿ ਇਕਿ ਜਾਹਾਂ.#ਕਾਂਕੋ ਤਨੁ ਧਨੁ ਸੰਪਤਿ ਕਾਂਕੀ#ਕਾ ਸਿਉ ਨੇਹੁ ਲਗਾਹੀ?#ਜੋ ਦੀਸੈ ਸੋ ਸਗਲ ਬਿਨਾਸੈ#ਜਿਉ ਬਾਦਰ ਕੀ ਛਾਹੀ.#ਤਜਿ ਅਭਿਮਾਨੁ ਸਰਣਿ ਸੰਤਨ ਗਹੁ#ਮੁਕਤਿ ਹੋਹਿ ਛਿਨ ਮਾਹੀ.#ਜਨ ਨਾਨਕ ਭਗਵੰਤ ਭਜਨ ਬਿਨੁ#ਸੁਖੁ ਸੁਪਨੈ ਭੀ ਨਾਹੀ." (ਸਾਰ ਮਃ ੯)#ਭਕ੍ਤਿਮਤ ਵਾਲੇ ਸ਼ਾਂਡਿਲ੍ਯ ਰਿਖੀ ਆਦਿ ਕੇਵਲ ਪੰਜ ਰਸ ਮੰਨਦੇ ਹਨ- ਸ਼੍ਰਿੰਗਾਰ, ਸ਼ਾਂਤ, ਵਾਤਸਲ੍ਯ ਦਾਸ੍ਯ ਅਤੇ ਸਖ੍ਯ. ਇਨ੍ਹਾਂ ਵਿੱਚੋਂ ਸ਼੍ਰਿੰਗਾਰ ਅਤੇ ਸ਼ਾਂਤ ਉੱਪਰ ਆ ਗਏ ਹਨ, ਬਾਕੀ ਤਿੰਨਾਂ ਦੇ ਉਦਾਹਰਣ ਇਹ ਹਨ-#ਵਾਤਸਲ੍ਯ- "ਭਗਤਿਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ." (ਵਾਰ ਜੈਤ)#"ਭਵਖੰਡਨ ਦੁਖਭੰਜਨ ਸ੍ਵਾਮੀ ਭਗਤਿਵਛਲ ਨਿਰੰਕਾਰੇ." (ਧਨਾ ਮਃ ੫)#"ਹਮਰੇ ਪਿਤਾ, ਗੋਪਾਲ ਦਇਆਲ। ਜਿਉ ਰਾਖੈ ਮਹਤਾਰੀ ਬਾਰਿਕ ਕਉ, ਤੈਸੇ ਹੀ ਪ੍ਰਭ ਪਾਲ." (ਧਨਾ ਮਃ ੫)#ਦਾਸ੍ਯ- "ਰਾਖਹੁ ਰਾਖਨਹਾਰ ਦਇਆਲਾ, ਨਾਨਕ ਘਰ ਕੋ ਗੋਲੇ." (ਧਨਾ ਮਃ ੫)#"ਨਾਨਕ ਗਰੀਬ ਬੰਦਾ ਜਨ ਤੇਰਾ। ਰਾਖਿਲੇਇ ਸਾਹਿਬ ਪ੍ਰਭੁ ਮੇਰਾ." (ਧਨਾ ਮਃ ੫)#"ਦਾਸ ਦਾਸ ਕੋ ਦਾਸਰਾ ਨਾਨਕ ਕਰਿਲੇਹ." (ਬਿਲਾ ਮਃ ੫)#ਸਖ੍ਯ- "ਅਪਨਾ ਮੀਤੁ ਸੁਆਮੀ ਗਾਈਐ। ਆਸ ਨ ਅਵਰ ਕਾਹੂ ਕੀ ਕੀਜੈ, ਸੁਖਦਾਤਾ ਹਰਿ ਧਿਆਈਐ." (ਸਾਰ ਮਃ ੫) "ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤੁ। ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ." (ਗਉ ਮਃ ੫) "ਮੀਤੁ ਹਮਾਰ ਅੰਤਰਜਾਮੀ। ਸਮਰਥ ਪੁਰਖੁ ਪਾਰਬ੍ਰਹਮ ਸੁਆਮੀ." (ਗਉ ਮਃ ੫) ੧੦. ਛੋਗਰ ਦਾ ਆਨੰਦ. ਮਜ਼ਾ। ੧੧. ਤਤ੍ਵ. ਸਾਰ. "ਸਬਦਿ ਰਤੇ ਮੀਠੇ ਰਸ ਈਖ." (ਗਉ ਮਃ ੧) ੧੨. ਅਸਰ. ਪ੍ਰਭਾਵ. "ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ." (ਗਉ ਥਿਤੀ ਮਃ ੫)"ਸੇਹਾਗਨਿ ਭਵਨ ਤ੍ਰੈ ਲੀਆ। ਦਸਅਠ ਪੁਰਾਣ ਤੀਰਥਿ ਰਸ ਕੀਆ." (ਗੌਂਡ ਕਬੀਰ) ੧੩. ਸਿਧਾਂਤ. ਤਾਤਪਰਯ. "ਗਿਆਨੁ ਗਿਆਨੁ ਕਥੈ ਸਭੁਕੋਈ। ਬਿਨੁ ਰਸ ਰਾਤੇ ਮੁਕਤਿ ਨ ਹੋਈ." (ਬਿਲਾ ਅਃ ਮਃ ੧) "ਦੀਪਕ ਰਸ ਤੋਲੇ." (ਤੁਖਾ ਬਾਰਹਮਾਹਾ) ਗ੍ਯਾਨ ਦੀਪਕ, ਸਿੱਧਾਂਤ ਵਿਚਾਰਰੂਪ ਤੇਲ। ੧੪. ਵਿਸ਼ ਜ਼ਹਿਰ। ੧੫. ਅੰਨ। ੧੬. ਛੀ ਸੰਖ੍ਯਾਬੋਧਕ, ਕਿਉਂਕਿ ਰਸਨਾ ਕਰਕੇ ਗ੍ਰਹਣ ਯੋਗ ਛੀ ਰਸ ਹਨ। ੧੭. ਨੌ. ਸੰਖ੍ਯਾਬੰਧਕ, ਕਿਉਂਕਿ ਕਾਵ੍ਯ ਦੇ ਨੌ ਰਸ ਹਨ। ੧੮. ਫ਼ਾ. [رس] ਵਿ- ਪਹੁਚਣ ਵਾਲਾ. ਇਹ ਦੂਜੇ ਸ਼ਬਦ ਤੇ ਅੰਤ ਆਉਣਾ ਹੈ, ਜਿਵੇਂ- ਦੂਰਰਸ, ਦਾਦਰਸ ਆਦਿ. ਦੇਖੋ, ਰਸੀਦਨ.
ਸਰੋਤ: ਮਹਾਨਕੋਸ਼
ਸ਼ਾਹਮੁਖੀ : رس
ਅੰਗਰੇਜ਼ੀ ਵਿੱਚ ਅਰਥ
juice, sap, extract, syrup, gravy; relish, taste, gust, gusto; love, emotion, enjoyment, pleasure; secretion
ਸਰੋਤ: ਪੰਜਾਬੀ ਸ਼ਬਦਕੋਸ਼