ਪਰਿਭਾਸ਼ਾ
ਉਹ ਪੁਸਤਕ, ਜਿਸ ਵਿੱਚ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਰੀਤਿ ਦੱਸੀ ਹੋਵੇ, ਸਿੱਖਾਂ ਲਈ ਵਿਧਿਨਿਸੇਧ ਕਰਮਾਂ ਦਾ ਜਿਸ ਵਿੱਚ ਵਰਣਨ ਹੋਵੇ. ਰਹਿਤਨਾਮੇ ਅਨੰਤ ਹਨ, ਜੋ ਪ੍ਰੇਮੀ ਸਿੱਖਾਂ ਨੇ ਆਪਣੀ ਆਪਣੀ ਬੁੱਧਿ ਅਤੇ ਨਿਸ਼ਚੇ ਅਨੁਸਾਰ ਲਿਖੇ ਹਨ, ਪਰ ਉਨ੍ਹਾਂ ਦੇ ਵਾਕ ਉਹੀ ਮੰਨਣ ਯੋਗ ਹਨ, ਜੋ ਗੁਰਬਾਣੀ ਅਤੇ ਭਾਈ ਗੁਰੁਦਾਸ ਜੀ ਦੀ ਬਾਣੀ ਨਾਲ ਵਿਰੋਧ ਨਾ ਰਖਦੇ ਹੋਣ. ਇਸ ਵਿਸ਼ੇ ਪੁਰ ਦੇਖੋ, "ਗੁਰੁਮਤ ਸੁਧਾਕਰ" ਦੀ ਭੂਮਿਕਾ ਅਰ ਉਸ ਵਿੱਚ ਲਿਖਿਆ ਰਹਿਤਨਾਮਿਆਂ ਦਾ ਪਾਠ.#ਪੰਡਿਤ ਭਗਵਾਨਸਿੰਘ (ਬਾਬਾ ਸੁਮੇਰਸਿੰਘ ਦੇ ਚਾਟੜੇ) ਨੇ ਇੱਕ "ਬਿਬੇਕਵਾਰਧਿ" ਗ੍ਰੰਥ ਸੰਮਤ ੪੦੮ ਨਾਨਕਸ਼ਾਹੀ ਵਿੱਚ ਲਿਖਿਆ ਹੈ, ਜਿਸ ਵਿੱਚ ੩੭ ਰਹਿਤਨਾਮਿਆਂ ਦਾ ਸੰਗ੍ਰਹ ਹੈ, ਪਰ ਉਸ ਨੇ ਆਪਣੀ ਮਨਮਤ ਮਿਲਾਕੇ ਗੁਰਮਤ ਦੇ ਲੋਪ ਕਰਨ ਦਾ ਯਤਨ ਕੀਤਾ ਹੈ.#ਸਿੱਖ ਧਰਮ ਦੇ ਪ੍ਰਸਿੱਧ ਰਹਿਤਨਾਮੇ ਇਹ ਹਨ- ਗੁਰਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦਲਾਲ ਜੀ ਦੀ ਰਚਨਾ, ਸਰਬਲੋਹ ਪ੍ਰਕਾਸ਼, ਤਨਖਾਹਨਾਮਾ ਚੌਪਾਸਿੰਘ ਦਾ ਰਹਿਤਨਾਮਾ, ਪ੍ਰਹਲਾਦਸਿੰਘ ਦਾ ਰਹਿਤਨਾਮਾ, ਪ੍ਰੇਮ ਸੁਮਾਰਗ, ਪ੍ਰਸ਼ਨੋੱਤਰ ਭਾਈ ਨੰਦਲਾਲ ਦਾ, ਦੇਸਾਸਿੰਘ ਦਾ ਰਹਿਤਨਾਮਾ, ਦਯਾਸਿੰਘ ਜੀ ਦਾ ਰਹਿਤਨਾਮਾ, ਸੰਗਤਿ ਦਾ ਪ੍ਰਸ਼ਨ, ਗੁਰੁਸ਼ੋਭਾ, ਰਤਨਮਾਲ (ਸੌਸਾਖੀ), ਵਾਜਬੁਲਅ਼ਰਜ਼, ਮਹਿਮਾਪ੍ਰਕਾਸ਼. ਗੁਰੁਵਿਲਾਸ ਭਾਈ ਸੁੱਖਾਸਿੰਘ ਦਾ, ਗੁਰੁਪ੍ਰਤਾਪ ਸੂਰਯ.
ਸਰੋਤ: ਮਹਾਨਕੋਸ਼