ਰਾਮਾਨੁਜ
raamaanuja/rāmānuja

ਪਰਿਭਾਸ਼ਾ

ਰਾਮ- ਅਨੁਜ. ਰਾਮਚੰਦ੍ਰ ਜੀ ਦਾ ਛੋਟਾ ਭਾਈ ਲਛਮਣ (ਲਕਮਣ). ੨. ਮਦਰਾਸ ਦੇ ਇਲਾਕੇ ਕਾਂਚੀਪੁਰ (ਕਾਂਜੀਵਰੰ) ਪਾਸ ਭੂਤਨਗਰੀ ਵਿੱਚ ਸੰਮਤ ੧੦੭੩ ਵਿੱਚ ਕੇਸ਼ਵ ਬ੍ਰਾਹਮਣ ਦੇ ਘਰ ਕਾਂਤਿਮਤੀ ਦੇ ਉਦਰ ਤੋਂ ਇਸ ਮਹਾਤਮਾ ਦਾ ਜਨਮ ਹੋਇਆ.¹ ਪਿਤਾ ਅਤੇ ਯਾਦਵਪ੍ਰਕਾਸ਼ ਤੋਂ ਵੇਦਾਂ ਸ਼ਾਸਤ੍ਰਾਂ ਦੀ ਵਿਦ੍ਯਾ ਪ੍ਰਾਪਤ ਕੀਤੀ. ਫੇਰ ਸ਼੍ਰੀਵੈਸਨਵ ਯਾਮੁਨ ਮੁਨਿ ਦਾ ਸਿੱਖ ਹੋਕੇ ਇਸ ਨੇ ਵਿਸਨੁ ਅਤੇ ਲੱਛਮੀ ਦੀ ਉਪਾਸਨਾ ਦਾ ਪ੍ਰਚਾਰ ਕੀਤਾ. ਇਹ ਸੰਸਕ੍ਰਿਤ ਦਾ ਅਦੁਤੀ ਪੰਡਿਤ ਸੀ. ਇਸ ਨੇ ਵ੍ਯਾਸ ਦੇ ਸੂਤ੍ਰ ਅਤੇ ਗੀਤਾ ਦੇ ਸ਼ਾਂਕਰਭਾਸ਼੍ਯ ਤੋਂ ਜੁਦੇ ਭਾਸ਼੍ਯ ਰਚੇ, ਜਿਨ੍ਹਾਂ ਵਿੱਚ ਵਿਸ਼ਿਸ੍ਟਾਦ੍ਵੈਤ ਦਾ ਵਰਣਨ ਹੈ. ਇਨ੍ਹਾਂ ਤੋਂ ਛੁੱਟ ਵੇਦਾਂਤਸਾਰ, ਵੇਦਾਂਤਦੀਪ, ਵੇਦਾਰਥਸੰਗ੍ਰਹ ਆਦਿ ਗ੍ਰੰਥ ਲਿਖੇ.#ਰਾਮਾਨੁਜ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਮੇਲੂਕੋਟ (ਜਿਲਾ ਹਾਸਨ ਰਿਆਸਤ ਮੈਸੋਰ) ਵਿੱਚ ਰਹਿਕੇ ਵਿਤਾਇਆ, ਅਤੇ ਮੈਸੋਰ ਦੇ ਰਾਜਾ ਵਿਸਨੁਵਰਧਨ ਨੂੰ ਵੈਸਨਵ ਬਣਾਇਆ.#ਰਾਮਾਨੁਜ ਦਾ ਦੇਹਾਂਤ ਸ਼੍ਰੀਰੰਗ (ਜਿਲਾ ਤ੍ਰਿਚਨਾਪਲੀ) ਵਿੱਚ ਸੰਮਤ ੧੧੯੪ ਵਿੱਚ ਹੋਇਆ. ਰਾਮਾਨੁਜ ਦੀ ਸੰਪ੍ਰਦਾਯ ਦੇ ਸ਼੍ਰੀਵੈਸਨਵ ਸ਼ਰੀਰ ਪੁਰ ਸ਼ੰਖ, ਚਕ੍ਰ, ਗਦਾ, ਪਦਮ ਵਿਸਨੁ ਦੇ ਚਿੰਨ੍ਹ ਧਾਰਣ ਕਰਦੇ ਹਨ, ਅਰ ਮਸਤਕ ਪੁਰ ਐਸਾ ♆ ਤਿਲਕ ਲਗਾਉਂਦੇ ਹਨ, ਜਿਸ ਦੀ ਵਿਚਲੀ ਰੇਖਾ ਲਾਲ ਅਤੇ ਕਿਨਾਰੇ ਦੀਆਂ ਸਫੇਦ ਹੁੰਦੀਆਂ ਹਨ. ਸ਼੍ਰੀਵੈਸਨਵ ਤਿੰਨ ਪਦਾਰਥ ਮੰਨਦੇ ਹਨ- ਈਸ਼੍ਵਰ (ਵਿਸਨੁ ਭਗਵਾਨ), ਚਿਤ (ਜੀਵ), ਅਚਿਤ (ਸੰਸਾਰ ਦੇ ਸਾਰੇ ਜੜ੍ਹ ਪਦਾਰਥ).
ਸਰੋਤ: ਮਹਾਨਕੋਸ਼