ਪਰਿਭਾਸ਼ਾ
Sir Henry. M Lawrence ਇਹ ੨੮ ਜੂਨ ਸਨ ੧੮੦੬ ਨੂੰ ਲੰਕਾ (Ceylon) ਵਿੱਚ ਜੰਮਿਆ. ਸਨ ੧੮੨੩ ਵਿੱਚ ਬੰਗਾਲ ਦੇ ਤੋਪਖਾਨੇ ਵਿੱਚ ਭਰਤੀ ਹੋਇਆ. ਸਰ ਜਾਰਜ ਕਲਾਰਕ ਦਾ ਨਾਇਬ ਹੋਕੇ ਇਸ ਨੇ ਫਿਰੋਜਪੁਰ, ਪੇਸ਼ਾਵਰ ਜਲਾਲਾਬਾਦ ਆਦਿਕ ਥਾਈਂ ਦੇਸ਼ ਦੇ ਪ੍ਰਬੰਧ ਦਾ ਚੰਗਾ ਕੰਮ ਕੀਤਾ. ਸਿੱਖਾਂ ਦੀ ਲੜਾਈ ਵੇਲੇ ਲਾਰਡ ਹਾਰਡਿੰਗ ਨੇ ਇਸ ਨੂੰ ਨੇਪਾਲ ਦੀ ਏਜੰਟੀ ਤੋਂ ਬੁਲਾਕੇ ਪੰਜਾਬ ਵਿੱਚ ਬਹੁਤ ਸੇਵਾ ਲਈ. ਮੇਜਰ ਬ੍ਰਾਡਫੁਟ ਦੇ ਮਰਨ ਪੁਰ ਇਹ ਪੰਜਾਬ ਵਿੱਚ ਗਵਰਨਰ ਜਨਰਲ ਦਾ ਏਜੈਂਟ ਬਣਿਆ. ਜਦ ਪੰਜਾਬ ਅੰਗ੍ਰੇਜ਼ੀ ਰਾਜ ਨਾਲ ਮਿਲਿਆ, ਤਦ ਇਹ ਪਹਿਲਾ ਲਫਟੰਟ ਗਵਰਨਰ ਲਹੌਰ ਥਾਪਿਆ ਗਿਆ. ਗਦਰ ਦੇ ਮੌਕੇ ਇਸ ਨੇ ਲਖਨਊ ਬਚਾਉਣ ਲਈ ਵਡਾ ਜਤਨ ਕੀਤਾ. ੪. ਜੁਲਾਈ ਸਨ ੧੮੫੭ ਨੂੰ ਇੱਕ ਗੋਲੇ ਦੇ ਫਟਣ ਨਾਲ ਇਸ ਦਾ ਦੇਹਾਂਤ ਲਖਨਊ ਹੋਇਆ.#ਸਿੱਖਾਂ ਅਤੇ ਅੰਗ੍ਰੇਜ਼ਾਂ ਦੇ ਜੰਗਾਂ ਵੇਲੇ ਰਿਆਸਤ ਨਾਭੇ ਦਾ ਚੌਥਾ ਹਿੱਸਾ ਜਬਤ ਕਰਨ ਵਿੱਚ ਇਸ ਨੇ ਬਹੁਤ ਕਾਹਲੀ ਕੀਤੀ. ਜੇ ਕਦੀ ਧੀਰਜ ਅਤੇ ਦੂਰੰਦੇਸ਼ੀ ਤੋਂ ਕੰਮ ਲੈਂਦਾ, ਤਾਂ ਅਜੇਹਾ ਕਦੀ ਨਾ ਕਰਦਾ.#ਗੋਰਿਆਂ ਦੇ ਬੱਚਿਆਂ ਦੀ ਸਿਖ੍ਯਾ ਲਈ ਲਾਰੈਂਸ ਦੇ ਬਣਾਏ ਕਈ ਆਸ਼੍ਰਮ ਹੁਣ ਤੀਕ ਚੰਗੀ ਤਰਾਂ ਚਲਦੇ ਹਨ, ਜਿਸ ਤੋਂ ਇਸ ਦਾ ਨਾਮ ਵਡੇ ਆਦਰ ਅਤੇ ਪ੍ਯਾਰ ਨਾਲ ਲੀਤਾ ਜਾਂਦਾ ਹੈ.#੨. ਜਾਨ ਲਾਰੈਂਸ. Sir John Lawrence. ੨੪ ਮਾਰਚ ਸਨ ੧੮੧੧ ਨੂੰ ਇਸ ਦਾ ਜਨਮ ਇੰਗਲੈਂਡ ਹੋਇਆ. ਇਹ ਸਰ ਹੈਨਰੀ ਲਾਰੈਂਸ ਦਾ ਛੋਟਾ ਭਾਈ ਸੀ. ਜਾਨ ਲਾਰੈਂਸ ਸਿਵਲ ਸਰਵਿਸ ਵਿੱਚ ਭਰਤੀ ਹੋਕੇ ਸਨ ੧੮੩੦ ਵਿੱਚ ਕਲਕੱਤੇ ਪੁੱਜਾ. ਪੰਜਾਬ ਵਿੱਚ ਕਈ ਅਹੁਦਿਆਂ ਤੇ ਰਹਿਕੇ ਚੰਗਾ ਕੰਮ ਕੀਤਾ. ਗਦਰ ਵੇਲੇ ਇਸ ਦੀ ਸੇਵਾ ਬਹੁਤ ਸਲਾਹੀ ਗਈ. ਇਹ ਸਨ ੧੮੬੩ ਤੋਂ ੬੯ ਤਕ ਹਿੰਦੁਸਤਾਨ ਦਾ ਗਵਰਨਰ ਜਨਰਲ ਰਿਹਾ. ਲਾਰੈਂਸ ਨੂੰ ਦੋ ਹਜਾਰ ਪੌਂਡ ਦੀ ਪੈਨਸ਼ਨ ਤੋਂ ਛੁੱਟ ਇਸ ਦੀ ਕਾਰਗੁਜਾਰੀ ਦੇ ਬਦਲੇ ਇੱਕ ਹਜਾਰ ਪੌਂਡ ਦੀ ਹੋਰ ਪੈਨਸ਼ਨ ਮਿਲੀ ਅਤੇ ਲਾਰਡ ਬਣਾਇਆ ਗਿਆ. ੨੭ ਜੂਨ ਸਨ ੧੮੭੯ ਨੂੰ ਇਸ ਦਾ ਦੇਹਾਂਤ ਇੰਗਲੈਂਡ ਹੋਇਆ ਅਤੇ ਇੰਗਲੈਂਡ ਦੇ ਵਡੇ ਗਿਰਜੇ (Westminster Abbey) ਵਿੱਚ ਦਫ਼ਨ ਕੀਤਾ ਗਿਆ. ਜਾਨ ਲਾਰੈਂਸ ਦਾ ਬੁਤ ਲਹੌਰ ਦੀ ਠੰਢੀ ਸੜਕ ਉੱਤੇ ਦੇਖਿਆ ਜਾਂਦਾ ਹੈ.
ਸਰੋਤ: ਮਹਾਨਕੋਸ਼