ਪਰਿਭਾਸ਼ਾ
ਸੈਦਪੁਰ (ਏਮਨਾਬਾਦ) ਨਿਵਾਸੀ ਘਟਾਓੜਾ ਜਾਤਿ ਦਾ ਇੱਕ ਪ੍ਰੇਮੀ ਤਖਾਣ, ਜੋ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਅਨੰਨ ਸਿੱਖ ਹੋਇਆ. ਗੁਰੂ ਸਾਹਿਬ ਇਸ ਦੇ ਘਰ ਬਹੁਤ ਦਿਨ ਵਿਰਾਜੇ ਹਨ. ਇਸੇ ਪ੍ਰੇਮੀ ਨੂੰ ਸੰਬੋਧਨ ਕਰਕੇ. "ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ !" ਤਿਲੰਗ ਰਾਗ ਵਿੱਚ ਸ਼ਬਦ ਉੱਚਾਰਣ ਕੀਤਾ ਹੈ. ਭਾਈ ਲਾਲੋ ਦੇ ਪੁਤ੍ਰ ਨਹੀਂ ਹੋਇਆ, ਕੇਵਲ ਇੱਕ ਪੁਤ੍ਰੀ ਸੀ. ਜਿਸ ਦੀ ਔਲਾਦ ਹੁਣ ਤਤਲਾ ਪਿੰਡ ਵਿੱਚ ਰਹਿਂਦੀ ਹੈ. ਦੇਖੋ, ਭਾਗੋ ਮਲਿਕ। ੨. ਡੱਲਾ ਨਿਵਾਸੀ ਸੱਭਰਵਾਲ ਖਤ੍ਰੀ, ਜੋ ਸ਼੍ਰੀ ਗੁਰੂ ਅਮਰਦੇਵ ਜੀ ਦਾ ਸਿੱਖ ਹੋਕੇ ਆਤਮਗ੍ਯਾਨੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ. ਇਹ ਉੱਤਮ ਵੈਦ ਸੀ. ਖ਼ਾਸ ਕਰਕੇ ਤੇਈਆ ਤਾਪ ਦੂਰ ਕਰਨ ਵਿੱਚ ਕਮਾਲ ਰਖਦਾ ਸੀ.
ਸਰੋਤ: ਮਹਾਨਕੋਸ਼