ਲਿੰਗਾਯਤ
lingaayata/lingāyata

ਪਰਿਭਾਸ਼ਾ

ਤਿਲੰਗ ਦੇਸ਼ ਦੇ ਜਿਲਾ ਬੇਲਗਾਮ ਦੇ ਪਿੰਡ "ਭਾਗਵਾਨ" ਦੇ ਵਸਨੀਕ ਮਹਾਦੇਵ ਭੱਟ ਬ੍ਰਾਹਮਣ ਦੇ ਘਰ ਮਦਲੰਬਿਕਾ ਦੀ ਕੁੱਖ ਤੋਂ ਬ੍ਰਿਖਭ (वृषभ)¹ਦਾ ਜਨਮ ਸਨ ੧੧੪੨ ਦੇ ਲਗਪਗ ਹੋਇਆ, ਜਿਸ ਨੂੰ ਸ਼ਿਵ ਦੇ ਵਾਹਨ ਨੰਦੀ ਦਾ ਅਵਤਾਰ ਮੰਨਿਆ ਗਿਆ. ਆਖਦੇ ਹਨ ਕਿ ਬ੍ਰਿਖਭ ਦੇ ਗਲ ਵਿੱਚ ਜਨਮ ਸਮੇਂ ਹੀ ਸ਼ਿਵ ਦਾ ਲਿੰਗ ਲਟਕਦਾ ਸੀ. ਇਸ ਨੇ ਵਿਦ੍ਯਾ ਪ੍ਰਾਪਤ ਕਰਕੇ ਜੈਨ ਮਤ ਦਾ ਭਾਰੀ ਖੰਡਨ ਕੀਤਾ ਅਤੇ ਸ਼ੈਵ ਮਤ ਫੈਲਾਇਆ. ਬ੍ਰਿਖਭ ਦੀ ਸੰਪ੍ਰਦਾਯ ਦੇ ਲੋਕ ਗਲੇ ਲਿੰਗ ਲਟਕਾਉਂਦੇ ਹਨ, ਜਿਸ ਦੀ "ਲਿੰਗਾਯਤ" ਪ੍ਰਸਿੱਧ ਹੋਏ ਹਨ. ਇਹ ਸ਼ਿਵਲਿੰਗ ਨੂੰ ਛੁਹਾਏ ਬਿਨਾ ਅੰਨ ਜਲ ਅੰਗੀਕਾਰ ਨਹੀਂ ਕਰਦੇ ਇਨ੍ਹਾਂ ਪਰਥਾਇ ਹੀ ਦਸ਼ਮੇਸ਼ ਦੇ ਸ਼ਬਦ ਉਚਾਰਿਆ ਹੈ- "ਕਾਹੁੰ ਲੈ ਲਿੰਗ ਗਰੇ ਲਟਕਾਯੋ." (ਅਕਾਲ)#ਵੈਸਨਵ ਜਿਸ ਤਰਾਂ ਵਿਸਨੁ ਦੇ ਚਿੰਨ੍ਹ ਸੰਖ ਚਕ੍ਰ ਆਦਿਕ ਦਾ ਤਪਾਕੇ ਸ਼ਰੀਰ ਤੇ ਛਾਪਾ ਲਾਉਂਦੇ ਹਨ, ਇਸੇ ਤਰਾਂ ਲਿੰਗਾਯਤ ਲੋਕ ਸ਼ਿਵਲਿੰਗ ਨਾਲ ਦੇਹ ਦਾਗਦੇ ਹਨ, ਜਿਸ ਕਾਰਣ "ਲਿੰਗਾਂਕਿਤ" ਭੀ ਸੱਦੀਦੇ ਹਨ. ਇਸ ਧਰਮ ਦੇ ਪ੍ਰਚਾਰਕ ਬ੍ਰਿਖਭ ਦਾ ਦੇਹਾਂਤ ਕ੍ਰਿਸਨਾ ਨਦੀ ਦੇ ਕਿਨਾਰੇ ਸੰਗਮੇਸ਼੍ਵਰ ਵਿੱਚ ਸਨ ੧੧੬੮ ਨੂੰ ਹੋਇਆ ਹੈ.
ਸਰੋਤ: ਮਹਾਨਕੋਸ਼