ਲੇਲਕਲਾਂ
laylakalaan/lēlakalān

ਪਰਿਭਾਸ਼ਾ

ਰਿਆਸਤ ਪਟਿਆਲਾ, ਨਜਾਮਤ ਤਸੀਲ ਸੁਨਾਮ, ਥਾਣਾ ਮੂਨਕ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੁਰਨੇ ਤੋਂ ਤਿੰਨ ਮੀਲ ਉੱਤਰ ਪੂਰਵ ਹੈ. ਇਸ ਪਿੰਡ ਤੋਂ ਦੋ ਫਰਲਾਂਗ ਪੁਰ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਇੱਥੇ ਰੇਤਲੀ ਅਤੇ ਉੱਚੀ ਥਾਂ ਦੇਖਕੇ ਠਹਿਰ ਗਏ. ਪਾਸ ਇੱਕ ਜਿਮੀਦਾਰ ਆਪਣੀ ਫਸਲ ਦਾ ਰਾਖਾ ਸੀ, ਜਿਸ ਦਾ ਨਾਮ ਅੜਕ ਸੀ. ਉਸ ਨੇ ਸਤਿਪੁਰਖ ਸਮਝਕੇ ਮੱਥਾ ਟੇਕਿਆ ਅਤੇ ਸੇਵਾ ਪੁੱਛੀ. ਸਤਿਗੁਰਾਂ ਨੇ ਉਸ ਨੂੰ ਪ੍ਰੇਮ ਭਗਤੀ ਦਾ ਉਪਦੇਸ਼ ਦਿੱਤਾ, ਅਤੇ ਥੋੜਾ ਜਿਹਾ ਸਮਾਂ ਹੀ ਰਹਿਕੇ ਮੂਨਕ ਨੂੰ ਚਲੇ ਗਏ.#ਗੁਰਦ੍ਵਾਰਾ ਸੁਨਹਿਰੀ ਕਲਸ ਵਾਲਾ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ, ਜਿਨ੍ਹਾਂ ਦੀ ਸੇਵਾ ਮਹੰਤ ਮੱਲਸਿੰਘ ਜੀ ਧਮਧਾਣ ਵਾਲਿਆਂ ਦੇ ਉੱਦਮ ਨਾਲ ਨਗਰਵਾਸੀਆਂ ਨੇ ਸੰਮਤ ੧੯੪੦ ਵਿੱਚ ਕੀਤੀ ਹੈ. ਗੁਰਦ੍ਵਾਰੇ ਨਾਲ ਜਾਗੀਰ ਜ਼ਮੀਨ ਕੁਝ ਨਹੀਂ ਹੈ. ਅੜਕ ਦੀ ਵੰਸ਼ ਵਿੱਚੋਂ ਪ੍ਰੇਮੀ ਸਿੰਘ ਸੇਵਾ ਕਰਦਾ ਹੈ.
ਸਰੋਤ: ਮਹਾਨਕੋਸ਼