ਪਰਿਭਾਸ਼ਾ
ਕਰਾਚੀ ਜਿਲੇ ਦੇ ਕੋਟਰੀ ਤਾਲੁੱਕੇ ਵਿੱਚ ਲੱਖੀ ਨਾਮਕ ਪਹਾੜਧਾਰਾ ਦਾ ਇੱਕ ਭਾਰੀ ਜੰਗਲ, ਜਿਸ ਵਿੱਚ ਕਿਸੇ ਸਮੇਂ ਘੋੜਿਆਂ ਦੇ ਪੈਦਾ ਕਰਨ ਦਾ ਭਾਰੀ ਸਾਮਾਨ ਸੀ. ਇੱਥੇ ਦੇ ਘੋੜੇ ਇਤਿਹਾਸ ਪ੍ਰਸਿੱਧ ਹਨ।#੨. ਰਿਆਸਤ ਫਰੀਦਕੋਟ, ਤਸੀਲ ਕੋਟਕਪੂਰਾ, ਥਾਣਾ ਨੇਹੀਆਂਵਾਲੇ ਦਾ ਪਿੰਡ "ਮਹਿਮਾ ਸਰਜਾ" ਹੈ. ਇਸ ਤੋਂ ਇੱਕ ਮੀਲ ਦੱਖਣ ਪੂਰਵ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਇੱਥੇ ਗੁਰੂਸਾਹਿਬ ਨੇ ਜੰਗਲ ਦੇਸ ਨੂੰ "ਲੱਖੀਜੰਗਲ" ਪਦਵੀ ਦਿੱਤੀ ਅਰ ਮਾਲਵੇ ਦੀ ਧਾਰਣਾ ਦਾ ਸੱਦ ਗੀਤ- "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ- " ਉਚਾਰਿਆ ਸੀ. ਦਾਨਸਿੰਘ ਦਸ਼ਮੇਸ਼ ਦਾ ਪ੍ਰੇਮੀ ਸਿੱਖ ਇੱਥੇ ਦਾ ਹੀ ਵਸਨੀਕ ਸੀ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ. ਰਿਆਸਤ ਫਰੀਦਕੋਟ ਵੱਲੋਂ ੩੫ ਘੁਮਾਉਂ ਜ਼ਮੀਨ ਹੈ. ਪੁਜਾਰੀ ਸਿੰਘ ਹੈ. ਵੈਸਾਖੀ ਅਤੇ ਦਸਹਰੇ ਨੂੰ ਮੇਲਾ ਹੁੰਦਾ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਜੀ ਨੇ ਭੀ ਚਰਣ ਪਾਏ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਗੋਨੇਆਣੇ ਤੋਂ ਦੋ ਮੀਲ ਪੱਛਮ ਹੈ। ੩. ਮਾਲਵੇ (ਜੰਗਲ ਦੇਸ਼) ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਬਖ਼ਸ਼ੀ ਹੋਈ ਪਦਵੀ, ਅਰਥਾਤ ਲੱਖਾਂ ਦੀ ਪੈਦਾਵਾਰ ਦਾ ਜੰਗਲ. "ਲੱਖੀਜੰਗਲ ਖਾਲਸਾ ਆਦਿ ਦੀਦਾਰ ਕੀਤੋ ਨੇ." (ਦਸਮਗ੍ਰੰਥ)
ਸਰੋਤ: ਮਹਾਨਕੋਸ਼