ਲੱਧਾ ਭਾਈ
lathhaa bhaaee/ladhhā bhāī

ਪਰਿਭਾਸ਼ਾ

ਲਹੌਰ ਨਿਵਾਸੀ ਇੱਕ ਆਤਮਗਿਆਨੀ ਅਤੇ ਪਰੋਪਕਾਰੀ ਸਿੱਖ. ਸ਼੍ਰੀ ਗੁਰੂ ਨਾਨਕਦੇਵ ਜੀ ਦੀ ਨਿੰਦਾ ਕਰਨ ਅਤੇ ਗੁਰਦਰਬਾਰ ਦੀ ਸੇਵਾ ਤਿਆਗਣ ਤੋਂ ਸੱਤਾ ਅਤੇ ਬਲਵੰਡ ਰਬਾਬੀ ਸ਼੍ਰੀ ਗੁਰੂ ਅਰਜਨਦੇਵ ਜੀ ਨੇ ਦੀਵਾਨ ਵਿੱਚੋਂ ਕੱਢ ਦਿੱਤੇ ਅਤੇ ਹੁਕਮ ਜਾਰੀ ਕੀਤਾ ਕਿ ਜੋ ਇਨ੍ਹਾਂ ਮਨਮੁਖਾਂ ਦੀ ਸਾਡੇ ਪਾਸੇ ਸਿਫ਼ਾਰਿਸ਼ ਕਰੂ, ਉਸ ਦਾ ਕਾਲਾ ਮੂੰਹ ਕਰਕੇ ਗਧੇ ਚੜ੍ਹਾਇਆ ਜਾਊ. ਇਸ ਪੁਰ ਰਬਾਬੀ ਦੁਖੀ ਹੋਕੇ ਮੁਆਫੀ ਲਈ ਅਨੇਕ ਜਤਨ ਕਰਦੇ ਰਹੇ, ਕਿਸੇ ਨੇ ਕੁਝ ਸਹਾਇਤਾ ਨਾ ਕੀਤੀ, ਅੰਤ ਨੂੰ ਭਾਈ ਲੱਧੇ ਦੀ ਸ਼ਰਣ ਲਈ. ਪਰਉਪਕਾਰੀ ਭਾਈਸਾਹਿਬ, ਕਾਲਾ ਮੂੰਹ ਕਰਕੇ ਗਧੇ ਪੁਰ ਸਵਾਰ ਹੋਕੇ ਲਹੌਰ ਤੋਂ ਅਮ੍ਰਿਤਸਰ ਪਹੁੰਚੇ. ਸ਼੍ਰੀ ਗੁਰੂ ਅਰਜਨਦੇਵ ਜੀ ਨੇ ਸਿੰਘਾਸਨ ਤੋਂ ਉੱਠਕੇ ਭਾਈ ਲੱਧੇ ਨੂੰ ਛਾਤੀ ਨਾਲ ਲਾਇਆ ਅਤੇ ਉਸ ਦੀ ਬੇਨਤੀ ਪੁਰ ਰਬਾਬੀ ਬਖ਼ਸ਼ ਦਿੱਤੇ.
ਸਰੋਤ: ਮਹਾਨਕੋਸ਼