ਪਰਿਭਾਸ਼ਾ
ਜਿਲਾ ਤਸੀਲ ਅਤੇ ਥਾਣਾ ਅਮ੍ਰਿਤਸਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਛਿਹਰਟਾ ਤੋਂ ਅੱਧ ਮੀਲ ਦੱਖਣ ਹੈ. ਇੱਥੇ ਹੇਠ ਲਿਖੇ ਗੁਰਦ੍ਵਾਰੇ ਹਨ-#(੧) ਛਿਹਰਟਾ ਸਾਹਿਬ. ਪਿੰਡ ਤੋਂ ਉੱਤਰ ਪੱਛਮ ਇੱਕ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਲਗਵਾਇਆ ਖੂਹ, ਜਿਸ ਪੁਰ ਛੀ ਹਰਟ ਚਲ ਸਕਦੇ ਹਨ. ਇਸ ਪਾਸ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ੧੪੦ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਵਡਾ ਮੇਲਾ ਮਾਘ ਸੁਦੀ ਪੰਚਮੀ ਨੂੰ ਅਤੇ ਛੋਟੇ ਮੇਲੇ ਹਰ ਚਾਂਦਨੀ ਪੰਚਮੀ ਨੂੰ ਹੁੰਦੇ ਹਨ. ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ.#(੨) ਮੰਜੀਸਾਹਿਬ. ਪਿੰਡ ਤੋਂ ਇੱਕ ਫਰਲਾਂਗ ਦੱਖਣ ਸ਼੍ਰੀ ਗਰੂ ਅਰਜਨਦੇਵ ਦੇ ਵਿਰਾਜਣ ਦਾ ਅਸਥਾਨ. ਇੱਥੇ ਗੁਰੂਸਾਹਿਬ ਭਾਈ ਸਹਾਰੀ ਖੇਤੀ ਦੀ ਕਿਰਤ ਦੇਖਣ ਕਦੇ ਕਦੇ ਆਇਆ ਕਰਦੇ ਹਨ, ਜੋ ਗੁਰੂ ਦੇ ਲੰਗਰ ਲਈ ਕਰਦਾ ਸੀ. ਗੁਰੂ ਸਾਹਿਬ ਨੇ ਇਸ ਥਾਂ ਤਿੰਨ ਹਰਟਾ ਖੂਹ ਲਗਵਾਇਆ. ਮੰਜੀਸਾਹਿਬ ਬਣਿਆ ਹੋਇਆ ਹੈ. ਭਾਈ ਸਹਾਰੀ ਦੀ ਵੰਸ਼ ਦੇ ਪ੍ਰੇਮੀ ਪੁਜਾਰੀ ਹਨ.#(੩) ਅਟਾਰੀ ਸਾਹਿਬ ਅਥਵਾ ਜਨਮ ਅਸਥਾਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ. ਇਹ ਪਿੰਡ ਦੀ ਆਬਾਦੀ ਵਿੱਚ ਗੁਰਦ੍ਵਾਰਾ ਹੈ. ਇੱਥੇ ਛੀਵੇਂ ਸਤਿਗੁਰੂ ੨੧. ਹਾੜ ਸੰਮਤ ੧੬੫੨ ਨੂੰ ਜਨਮੇ ਹਨ. ਦਰਬਾਰ ਸੁਨਹਿਰੀ ਕਲਸ ਵਾਲਾ ਸੁੰਦਰ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਪੁਜਾਰੀ ਸਿੰਘ ਹੈ.#(੪) ਦਮਦਮਾ ਸਾਹਿਬ. ਪਿੰਡ ਤੋਂ ਇੱਕ ਫਰਲਾਂਗ ਦੱਖਣ ਉਹ ਥਾਂ ਜਿੱਥੇ ਛੀਵੇਂ ਸਤਿਗੁਰੂ ਇੱਕ ਵਡੇ ਭਾਰੀ ਸੂਰ ਨੂੰ ਮਾਰਕੇ ਵਿਰਾਜੇ ਹਨ. ਪਹਿਲਾਂ ਸਾਧਾਰਣ ਦਮਦਮਾ ਸੀ, ਹੁਣ ਸੁੰਦਰ ਗੁਰਦ੍ਵਾਰਾ ਬਣ ਗਿਆ ਹੈ. ਵੀਹ ਵਿੱਘੇ ਜ਼ਮੀਨ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਸਿੰਘ ਹੈ.
ਸਰੋਤ: ਮਹਾਨਕੋਸ਼